ਕਾਬੁਲ, 5 ਸਤੰਬਰ
ਕਾਬੁਲ ਵਿੱਚ ਅੱਜ ਰੂਸੀ ਸਫਾਰਤਖਾਨੇ ਦੇ ਬਾਹਰ ਹੋਏ ਧਮਾਕੇ ਵਿੱਚ ਦੂਤਾਵਾਸ ਦੇ ਦੋ ਕਰਮਚਾਰੀਆਂ ਅਤੇ ਇੱਕ ਅਫ਼ਗਾਨ ਨਾਗਰਿਕ ਦੀ ਮੌਤ ਹੋ ਗਈ, ਜਦ ਕਿ 11 ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ ਖ਼ਬਰਾਂ ਅਨੁਸਾਰ ਪਹਿਲਾਂ ਹਾਦਸੇ ਦੌਰਾਨ ਅੱਠ ਤੋਂ ਦਸ ਵਿਅਕਤੀਆਂ ਦੇ ਮਾਰੇ ਜਾਣ, ਜਦ ਕਿ ਵੱਡੀ ਗਿਣਤੀ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖ਼ਬਰ ਏਜੰਸੀ ਆਰਆਈਏ ਨੋਵੋਸਤੀ ਅਨੁਸਾਰ ਇਹ ਧਮਾਕਾ ਉਸ ਵੇਲੇ ਹੋਇਆ, ਜਦੋਂ ਇੱਕ ਰੂਸੀ ਕਰਮਚਾਰੀ ਦੂਤਾਵਾਸ ਦੇ ਬਾਹਰ ਵੀਜ਼ੇ ਲਈ ਲਾਈਨ ਵਿੱਚ ਖੜ੍ਹੇ ਲੋਕਾਂ ਵਿੱਚੋਂ ਇੱਕ ਉਮੀਦਵਾਰ ਨੂੰ ਆਵਾਜ਼ ਮਾਰਨ ਲਈ ਬਾਹਰ ਆਇਆ। ਕਾਬੁਲ ਪੁਲੀਸ ਚੀਫ ਦੇ ਤਰਜਮਾਨ ਖ਼ਾਲਿਦ ਜ਼ਦਰਾਨ ਨੇ ਦੱਸਿਆ ਕਿ ਧਮਾਕੇ ਦੌਰਾਨ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ 10 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਧਮਾਕਾ ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਰੂਸੀ ਦੂਤਾਵਾਸ ਦੇ ਕੌਂਸਲਰ ਸੈਕਸ਼ਨ ਦੇ ਪ੍ਰਵੇਸ਼ ਦੁਆਰ ’ਤੇ ਹੋਇਆ। ਮੰਤਰਾਲੇ ਨੇ ਕਿਹਾ, ‘‘ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਯੰਤਰ ਸੁੱਟਿਆ, ਜਿਸ ਕਾਰਨ ਹੋਏ ਧਮਾਕੇ ਵਿੱਚ ਦੂਤਾਵਾਸ ਦੇ ਦੋ ਕਰਮਚਾਰੀ ਮਾਰੇ ਗਏ।’’ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ