ਹੇਰਾਤ, 2 ਸਤੰਬਰ
ਪੱਛਮੀ ਅਫ਼ਗਾਨਿਸਤਾਨ ਦੇ ਹੇਰਾਤ ’ਚ ਸੁੰਨੀ ਭਾਈਚਾਰੇ ਦੀ ਮਸਜਿਦ ’ਚ ਅੱਜ ਧਮਾਕਾ ਹੋਣ ਕਾਰਨ ਇਕ ਉੱਘੇ ਮੌਲਵੀ ਸਮੇਤ 18 ਵਿਅਕਤੀ ਮਾਰੇ ਗਏ। ਤਾਲਿਬਾਨ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ’ਚ 21 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।
ਧਮਾਕੇ ਦੀ ਕਿਸੇ ਨੇ ਵੀ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ। ਹੇਰਾਤ ਸ਼ਹਿਰ ਦੀ ਗੁਜ਼ਰਗਾਹ ਮਸਜਿਦ ’ਚ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਜੁਮੇ ਦੀ ਨਮਾਜ਼ ਲਈ ਵੱਡੀ ਗਿਣਤੀ ’ਚ ਜੁੜੇ ਹੋਏ ਸਨ। ਧਮਾਕੇ ’ਚ ਉੱਘੇ ਮੌਲਵੀ ਮੁਜੀਬ-ਉਲ-ਰਹਿਮਾਨ ਅਨਸਾਰੀ ਦੀ ਵੀ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਪੱਛਮ ਦੀ ਹਮਾਇਤ ਪ੍ਰਾਪਤ ਮੁਲਕ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਲਈ ਜਾਣਿਆ ਜਾਂਦਾ ਸੀ। ਅਨਸਾਰੀ ਨੂੰ ਤਾਲਿਬਾਨ ਦੇ ਨੇੜੇ ਸਮਝਿਆ ਜਾਂਦਾ ਸੀ। ਤਾਲਿਬਾਨ ਦੇ ਮੁੱਖ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਮੌਲਵੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਸਜਿਦ ’ਚ ਆਉਣ ਤੋਂ ਪਹਿਲਾਂ ਅਨਸਾਰੀ ਤਾਲਿਬਾਨ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁੱਲਾ ਗਨੀ ਬਰਾਦਰ ਨੂੰ ਮਿਲਣ ਲਈ ਗਿਆ ਸੀ। ਮ੍ਰਿਤਕਾਂ ’ਚ ਅਨਸਾਰੀ ਦਾ ਭਰਾ ਹਬੀਬ ਉਲ ਰਹਿਮਾਨ ਵੀ ਸ਼ਾਮਲ ਹੈ। ਅਨਸਾਰੀ ਮਹਿਲਾਵਾਂ ਦੇ ਹੱਕਾਂ ਖ਼ਿਲਾਫ਼ ਸੀ ਅਤੇ ਉਹ ਆਪਣੇ ਹਮਾਇਤੀਆਂ ਨੂੰ ਉਨ੍ਹਾਂ ਖ਼ਿਲਾਫ਼ ਭੜਕਾਉਂਦਾ ਰਹਿੰਦਾ ਸੀ। 57 ਮੁਲਕਾਂ ਵਾਲੀ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋਆਪ੍ਰੇਸ਼ਨ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਹੇਰਾਤ ਐਂਬੂਲੈਂਸ ਸੈਂਟਰ ਦੇ ਅਧਿਕਾਰੀ ਮੁਹੰਮਦ ਦਾਊਦ ਮੁਹੰਮਦੀ ਨੇ ਕਿਹਾ ਕਿ 18 ਲਾਸ਼ਾਂ ਅਤੇ ਜ਼ਖ਼ਮੀ ਹੋਏ 21 ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। -ਏਪੀ