ਇਸਲਾਮਾਬਾਦ, 30 ਦਸੰਬਰ
ਅਫ਼ਗਾਨਿਸਤਾਨ ਨੂੰ ਮਨੁੱਖਤਾ ਦੇ ਆਧਾਰ ’ਤੇ 50 ਹਜ਼ਾਰ ਮੀਟਰਕ ਟਨ ਕਣਕ ਭੇਜਣ ਲਈ ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਅਫ਼ਗਾਨ ਠੇਕੇਦਾਰਾਂ ਤੇ ਟਰੱਕ ਡਰਾਈਵਰਾਂ ਦੀ ਸੂਚੀ ਭੇਜੀ ਹੈ ਜੋ ਇਸ ਕਣਕ ਦੀ ਢੋਆ-ਢੁਆਈ ਕਰਨਗੇ। ਭਾਰਤ ਤੇ ਪਾਕਿਸਤਾਨ ਇਸ ਸਬੰਧੀ ਕਾਰਵਾਈ ਨੇਪਰੇ ਚਾੜ੍ਹਨ ਦੇ ਕਾਫੀ ਨਜ਼ਦੀਕ ਹਨ। ਪਾਕਿਸਤਾਨ ਵੱਲੋਂ ਅਫ਼ਗਾਨ ਠੇਕੇਦਾਰਾਂ ਤੇ ਡਰਾਈਵਰਾਂ ਦੀ ਸੂਚੀ ਪ੍ਰਵਾਨ ਕੀਤੇ ਜਾਣ ਮਗਰੋਂ ਕਣਕ ਦੀ ਢੋਆ-ਢੁਆਈ ਸ਼ੁਰੂ ਹੋ ਜਾਵੇਗੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੇ ਇਹ ਫ਼ੈਸਲਾ ਅਫ਼ਗਾਨਿਸਤਾਨ ’ਚ ਬਣੇ ਮਨੁੱਖੀ ਹਾਲਾਤ ਨੂੰ ਧਿਆਨ ’ਚ ਰੱਖ ਕੇ ਲਿਆ ਹੈ। -ਪੀਟੀਆਈ