ਨਿਊ ਯਾਰਕ, 23 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤੀ ਸਿਆਸਤ ਤੇ ਭਾਰਤੀ ਕ੍ਰਿਕਟ ਟੀਮ ਦੋ ਅਜਿਹੀਆਂ ਮਿਸਾਲਾਂ ਤੇ ਸਬੂਤ ਹਨ ਜੋ ਦਰਸਾਉਂਦੀਆਂ ਹਨ ਕਿ ਲੋਕਤੰਤਰ ਡੂੰਘਾ ਹੋਇਆ ਹੈ ਤੇ ਇਹ ਅਸਲ ਵਿਚ ਕਾਰਜਸ਼ੀਲ ਹੈ। ਇੰਡੋ-ਅਮੈਰੀਕਨ ਆਰਟਸ ਕੌਂਸਲ ਦੇ ਉਪ ਚੇਅਰਮੈਨ ਰਾਕੇਸ਼ ਕੌਲ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਜਦ ਉਹ ਭਾਰਤੀ ਸੰਸਦ, ਕੈਬਨਿਟ, ਸਿਆਸਤ ’ਚ ਸ਼ਾਮਲ ਲੋਕਾਂ, ਤੇ ਕ੍ਰਿਕਟ ਟੀਮ ਵੱਲ ਦੇਖਦੇ ਹਨ ਤਾਂ ਅਜਿਹਾ ਸਪੱਸ਼ਟ ਰੂਪ ਵਿਚ ਉੱਭਰਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ 20, 10 ਜਾਂ ਸ਼ਾਇਦ 30 ਸਾਲ ਪਿੱਛੇ ਜਾ ਕੇ ਵੀ ਦੇਖੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਸਾਡੀ ਸਿਆਸੀ ਜਮਾਤ ਦਾ ਦਾਇਰਾ ਕਿੰਨਾ ਤੰਗ ਸੀ। ਜੈਸ਼ੰਕਰ ਇੱਥੇ ‘ਮੋਦੀ@20: ਡਰੀਮਜ਼ ਮੀਟ ਡੀਲਿਵਰੀ’ ਪੁਸਤਕ ਉਤੇ ਰੱਖੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਦਾ ਇਸ ਬਦਲਾਅ ਵਿਚ ਅਹਿਮ ਯੋਗਦਾਨ ਹੈ। -ਪੀਟੀਆਈ