ਵਾਸ਼ਿੰਗਟਨ, 2 ਮਈ
ਫੈੱਡਐਕਸ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅੱਜ ਅਮਰੀਕੀ ਸੂਬੇ ਇੰਡੀਆਨਾ ’ਚ ਇਕ ਸਮਾਗਮ ਕੀਤਾ ਗਿਆ। ਇਸ ਹਮਲੇ ਵਿਚ ਚਾਰ ਸਿੱਖਾਂ ਦੀ ਵੀ ਮੌਤ ਹੋ ਗਈ ਸੀ। ਇਸ ਮੌਕੇ ਪਹਿਲਾਂ ਅਰਦਾਸ ਕੀਤੀ ਗਈ। ਇੰਡੀਆਨਾਪੋਲਿਸ ਦੇ ਸਿੱਖ ਆਗੂ ਬਲਵਿੰਦਰ ਸਿੰਘ ਨੇ ਇਸ ਮੌਕੇ ਸਾਥ ਦੇਣ ਵਾਲਿਆਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 15 ਅਪਰੈਲ ਦੀ ਘਟਨਾ ਇਕ ਅਜਿਹੀ ਤ੍ਰਾਸਦੀ ਹੈ ਜੋ ਕਈ ਜ਼ਿੰਦਗੀਆਂ ’ਤੇ ਹਮੇਸ਼ਾ ਅਸਰ ਪਾਉਂਦੀ ਰਹੇਗੀ। ਜ਼ਿਕਰਯੋਗ ਹੈ ਕਿ 19 ਸਾਲਾ ਬਰੈਂਡਨ ਸਕੌਟ ਹੋਲ ਜੋ ਕਿ ਉਸੇ ਫੈੱਡਐਕਸ ਕੇਂਦਰ ’ਤੇ ਪਹਿਲਾਂ ਕੰਮ ਕਰਦਾ ਸੀ, ਨੇ 15 ਅਪਰੈਲ ਨੂੰ ਗੋਲੀਬਾਰੀ ਕਰ ਕੇ 8 ਜਣਿਆਂ ਦੀ ਜਾਨ ਲੈ ਲਈ ਸੀ। ਮਗਰੋਂ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ਸਿੱਖ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਇਸ ਦੁੱਖ ਨੂੰ ਇਕਜੁੱਟ ਹੋ ਕੇ ਝੱਲਿਆ ਜਾ ਸਕਦਾ ਹੈ ਤੇ ਅਜਿਹੀਆਂ ਤ੍ਰਾਸਦੀਆਂ ਟਾਲਣ ਲਈ ਕਦਮ ਚੁੱਕਣੇ ਚਾਹੀਦੇ ਹਨ। ਮ੍ਰਿਤਕਾਂ ਦੀ ਯਾਦ ਵਿਚ ਇਹ ਸਮਾਗਮ ਸਿਟੀ ਸਟੇਡੀਅਮ ਵਿਚ ਰੱਖਿਆ ਗਿਆ ਸੀ। ਇਸ ਮੌਕੇ ਸ਼ਹਿਰ ਦੇ, ਸੂਬੇ ਦੇ ਅਤੇ ਫੈਡਰਲ ਪ੍ਰਤੀਨਿਧੀ, ਇੰਡੀਆਨਾਪੋਲਿਸ ਦੇ ਧਾਰਮਿਕ ਆਗੂ ਤੇ ਸਿੱਖ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ। ਇੰਡੀਆਨਾ ਦੇ ਗਵਰਨਰ ਐਰਿਕ ਹੋਲਕੌਂਬ ਨੇ ਕਿਹਾ ਕਿ ਉਹ ਇਸ ਦੁੱਖ ਵਿਚ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਨ। ਇਸ ਮੌਕੇ ਰਾਸ਼ਟਰਪਤੀ ਜੋਅ ਬਾਇਡਨ ਤੇ ਰਾਜ ਦੇ ਹੋਰਾਂ ਕਾਂਗਰਸ ਪ੍ਰਤੀਨਿਧੀਆਂ ਵੱਲੋਂ ਭੇਜੇ ਸ਼ੋਕ ਸੁਨੇਹੇ ਵੀ ਪੜ੍ਹੇ ਗਏ। -ਪੀਟੀਆਈ