ਬਰਸਲਜ਼ (ਬੈਲਜੀਅਮ), 24 ਫਰਵਰੀ
ਯੋਰਪੀ ਯੂਨੀਅਨ (ਈਯੂ) ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਰੂਸ ਦੀਆਂ ਸੰਪਤੀਆਂ ਨੂੰ ਫਰੀਜ਼ ਕਰਨਾ ਤੇ ਰੂਸੀ ਬੈਂਕਾਂ ਨੂੰ ਯੋਰਪ ਦੀਆਂ ਵਿੱਤੀ ਮਾਰਕੀਟਾਂ ਨਾਲ ਲੈਣ-ਦੇਣ ਤੋਂ ਰੋਕਣਾ ਸ਼ਾਮਲ ਹੈ। ਇਸ ਸਬੰਧ ਵਿੱਚ ਈਯੂ ਦੇ ਆਗੂਆਂ ਦੀ ਮੀਟਿੰਗ ਜਲਦੀ ਹੀ ਹੋਵੇਗੀ। ਯੋਰਪੀ ਯੂਨੀਅਨ ਨੇ ਰੂਸ ਦੇ ਰਾਜਦੂਤ ਨੂੰ ਬਰਸਲਜ਼ ਵਿੱਚ ਤਲਬ ਕੀਤਾ ਹੈ ਤੇ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲਿਆਂ ਦੀ ਨਿਖੇਧੀ ਕੀਤੀ ਹੈ। ਇਸੇ ਦੌਰਾਨ ਈਯੂ ਵਲੋਂ ਯੂਕਰੇਨ ਲਈ ਜਲਦੀ ਹੀ ਰਾਹਤ ਪੈਕੇਜ ਐਲਾਨਿਆ ਜਾਵੇਗਾ। -ਰਾਇਟਰਜ਼