ਕਾਹਿਰਾ, 23 ਅਗਸਤ
ਮਿਸਰ ਨੇ ਦਹਿਸ਼ਤਗਰਦ ‘ਹਮਾਸ’ ਸ਼ਾਸਕਾਂ ਨਾਲ ਤਣਾਅ ਦੇ ਮੱਦੇਨਜ਼ਰ ਗਾਜ਼ਾ ਪੱਟੀ ਨਾਲ ਲੱਗਦੀ ਸਰਹੱਦ ਬੰਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਕੰਮ ਵਾਲੇ ਦਿਨ ਰਾਫਾ ਲਾਂਘੇ ਨੂੰ ਬੰਦ ਕੀਤਾ ਗਿਆ ਹੈ। ਮਿਸਰ ਨੇ ਮਈ ਵਿਚ ਇਜ਼ਰਾਈਲ ਤੇ ਹਮਾਸ ਵਿਚਾਲੇ ਗਿਆਰਾਂ ਦਿਨ ਤੱਕ ਚੱਲੇ ਯੁੱਧ ਦੌਰਾਨ ਵੀ ਇਸ ਸਰਹੱਦ ਨੂੰ ਖੁੱਲ੍ਹਾ ਰੱਖਿਆ ਸੀ। ਮਿਸਰ ਦੇ ਅਧਿਕਾਰੀਆਂ ਅਨੁਸਾਰ ਗਾਜ਼ਾ ਪੱਟੀ ਵੱਲ ਜਾਣ ਵਾਲੀ ਸਰਹੱਦ ਨੂੰ ਬੰਦ ਕਰਨਾ ਇਜ਼ਰਾਈਲ ਤੇ ਹਮਾਸ ਵਿਚਾਲੇ ਗੋਲੀਬੰਦੀ ਕਰਾਉਣ ਦੇ ਕਾਹਿਰਾ ਦੇ ਯਤਨਾਂ ਦਾ ਹੀ ਇਕ ਹਿੱਸਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਰਹੱਦ ਕਦੋਂ ਤੱਕ ਬੰਦ ਰਹੇਗੀ। ਮਿਸਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਾਜ਼ਾ ਵੱਲ ਜਾਂਦੀ ਸਰਹੱਦ ਨੂੰ ਬੰਦ ਕਰਵਾਉਣ ਦਾ ਮੰਤਵ ਹਮਾਸ ਉਤੇ ਦਬਾਅ ਬਣਾਉਣਾ ਹੈ। -ਏਪੀ