ਵਾਸ਼ਿੰਗਟਨ, 2 ਜੂਨ
ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤੀ-ਅਮਰੀਕੀ ਭਾਈਵਾਲੀ ਲਈ ਸਿੱਖਿਆ ਅਹਿਮ ਥੰਮ੍ਹ ਹੈ। ਉਨ੍ਹਾਂ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਡੇਵਿਸ ਦੇ ਚਾਂਸਲਰ ਗੈਰੀ ਮੇਅ ਨਾਲ ਵਰਚੁਅਲ ਮੀਟਿੰਗ ਤੋਂ ਬਾਅਦ ਟਵੀਟ ਕਰਕੇ ਇਹ ਗੱਲ ਆਖੀ। ਸ੍ਰੀ ਸੰਧੂ ਨੇ ਕਿਹਾ ਕਿ ਚਾਂਸਲਰ ਗੈਰੀ ਮੇਅ ਅਤੇ ਉਨ੍ਹਾਂ ਦੀ ਟੀਮ ਨਾਲ ਖੇਤੀ, ਸਿਹਤ, ਡਿਜੀਟਲ ਅਤੇ ਵਾਤਾਵਰਨ ਬਦਲਾਅ ’ਚ ਗਿਆਨ ਤੇ ਖੋਜ ਭਾਈਵਾਲੀ ਬਾਰੇ ਚੰਗਾ ਵਿਚਾਰ ਵਟਾਂਦਰਾ ਹੋਇਆ। ਚਾਂਸਲਰ ਮੇਅ ਨੂੰ ਵੱਡਾ ਵਿਦਿਅਕ ਮਾਹਿਰ ਮੰਨਿਆ ਜਾਂਦਾ ਹੈ ਅਤੇ ਉਹ ਹੋਰਾਂ ਨੂੰ ਸਫ਼ਲ ਹੋਣ ’ਚ ਸਹਾਇਤਾ ਕਰਦੇ ਹਨ। ਸਾਲ 2015 ’ਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਹਿਸਾਬ ’ਚ ਮਾਰਗ ਦਰਸ਼ਨ ਦੇਣ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਆ ਸੀ। ਇਹ ਯੂਨੀਵਰਿਸਟੀ ਖੇਤਰ ਦੇ ਐਨ ਵਿਚਕਾਰ ਸਥਿਤ ਹੈ ਜਿਸ ਦੇ ਅਮਰੀਕੀ ਸਿੱਖ ਭਾਈਚਾਰੇ ਨਾਲ ਇਤਿਹਾਸਕ ਸਬੰਧ ਹਨ। ਅਮਰੀਕਾ ’ਚ ਸਿੱਖਾਂ ਦੀ ਅੱਧੀ ਅਬਾਦੀ ਕੈਲੀਫੋਰਨੀਆ ’ਚ ਵਸਦੀ ਹੈ। ਪਰਵਾਸੀ ਪੰਜਾਬੀਆਂ ਨਾਲ ਜੁੜੇ ਕਿੱਸੇ-ਕਹਾਣੀਆਂ ਤੇ ਇਤਿਹਾਸ ਨੂੰ ਸਾਂਭਣ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਕੈਲੀਫੋਰਨੀਆ ਨਾਲ ਸਾਂਝਾ ਕਰਨ ਲਈ ਯੂਨੀਵਰਸਿਟੀ ਨੇ ਵੀਡੀਓਜ਼, ਫੋਟੋਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਸੰਭਾਲਿਆ ਹੋਇਆ ਹੈ। -ਪੀਟੀਆਈ