ਮੈਲਬਰਨ: ਆਸਟਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰਿਕਟਰ ਸਕੇਲ ’ਤੇ ਸ਼ਿੱਦਤ 5.8 ਮਾਪੀ ਗਈ। ਭੂਚਾਲ ਕਰਕੇ ਸ਼ਹਿਰ ਵਿੱਚ ਇਮਾਰਤਾਂ ਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪੁੱਜਾ। ਜੀਓਸਾਇੰਸ ਆਸਟਰੇਲੀਆ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਮੁਲਕ ਦੇ ਉੱਤਰ-ਪੂਰਬ ਵਿੱਚ ਵਸੋਂ ਪੱਖੋਂ ਦੂਜੇ ਸਭ ਤੋਂ ਸੰਘਣੇ ਸ਼ਹਿਰ ਮੈਲਬਰਨ ਨੇੜੇ ਮੈਨਸਫੀਲਡ ਕਸਬੇ ਵਿੱਚ ਜ਼ਮੀਨ ਹੇਠਾਂ ਦਸ ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਮੀਡੀਆ ਵੱਲੋਂ ਨਸ਼ਰ ਤਸਵੀਰਾਂ ਵਿੱਚ ਦੱਖਣੀ ਯਾਰਾ ਦੇ ਅੰਦਰਲੇ ਨੀਮ ਸ਼ਹਿਰੀ ਖੇਤਰ ਵਿਚਲੀ ਚੈਪਲ ਸਟਰੀਟ ਨੂੰ ਪੁੱਜੇ ਨੁਕਸਾਨ ਨੂੰ ਵਿਖਾਇਆ ਗਿਆ ਹੈ। ਮੈਨਸਫੀਲਡ ਦੇ ਮੇਅਰ ਮਾਰਕ ਹੋਲਕੌਂਬੇ ਨੇ ਕਿਹਾ ਕਿ ਉਨ੍ਹਾਂ ਕੋਲ ਕਸਬੇ ਵਿੱਚ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਭੂਚਾਲ ਕਰਕੇ ਕਿਸੇ ਨੂੰ ਗੰਭੀਰ ਸੱਟ ਲੱਗਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -ਏਪੀ