ਵਾਸ਼ਿੰਗਟਨ: ਅਮਰੀਕਾ ’ਚ ਕਰੋਨਾਵਾਇਰਸ ਮਹਾਮਾਰੀ ਦੌਰਾਨ ਤੇਲ ਤੇ ਗੈਸ ਕਾਰਖਾਨਿਆਂ, ਸਰਕਾਰੀ ਅਦਾਰਿਆਂ ਤੇ ਹੋਰ ਸਥਾਨਾਂ ’ਤੇ ਵਾਤਾਵਰਨ ਨੇਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਨ੍ਹਾਂ ਕਾਰਖਾਨਿਆਂ ਅਤੇ ਹੋਰਾਂ ਨੂੰ ਖ਼ਤਰਨਾਕ ਧੂੰਏਂ ਤੇ ਗੈਸਾਂ ਦੀ ਨਿਕਾਸੀ ’ਤੇ ਨਜ਼ਰ ਨਾ ਰੱਖਣ ਦੀ ਖੁੱਲ੍ਹ ਮਿਲ ਗਈ ਸੀ। ਇਸ ਤੋਂ ਇਲਾਵਾ ਸਿਹਤ ਸੁਰੱਖਿਆ ਅਤੇ ਵਾਤਾਵਰਨ ਲਈ ਬਣਾਏ ਗਏ ਨੇਮਾਂ ਨੂੰ ਅਣਗੌਲਿਆ ਕੀਤਾ ਗਿਆ। ਤੇਲ ਅਤੇ ਗੈਸ ਇੰਡਸਟਰੀ ਵੱਲੋਂ ਟਰੰਪ ਪ੍ਰਸ਼ਾਸਨ ’ਤੇ ਦਬਾਅ ਬਣਾਏ ਜਾਣ ਮਗਰੋਂ ਸਰਕਾਰ ਨੇ 25 ਮਾਰਚ ਤੋਂ ਬਾਅਦ ਪ੍ਰਦੂਸ਼ਣ ਨੇਮਾਂ ਸਬੰਧੀ ਨਿਗਰਾਨੀ ’ਚ ਕਟੌਤੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਕਈ ਸੂਬਿਆਂ ਨੇ ਸੰਘੀ ਵਾਤਾਵਰਨ ਨੇਮਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਅਤੇ ਕਈ ਨੇ ਆਪਣੀਆਂ ਨੀਤੀਆਂ ਮੁਤਾਬਕ ਉਨ੍ਹਾਂ ਦਾ ਪਾਲਣ ਕਰਵਾਇਆ। ਖ਼ਬਰ ਏਜੰਸੀ ਵੱਲੋਂ ਕੀਤੀ ਗਈ ਜਾਂਚ ’ਚ ਪਤਾ ਲੱਗਾ ਕਿ ਮਹਾਮਾਰੀ ਦਾ ਹਵਾਲਾ ਦੇ ਕੇ ਤਿੰਨ ਹਜ਼ਾਰ ਤੋਂ ਵੱਧ ਕੇਸਾਂ ’ਚ ਛੋਟਾਂ ਦਿੱਤੀਆਂ ਗਈਆਂ। -ਏਪੀ