ਕੋਪਨਹੈਗਨ, 17 ਜਨਵਰੀ
ਬਾਲਟਿਕ ਸਮੁੰਦਰੀ ਕੰਢੇ ’ਤੇ ਸਥਿਤ ਦੋ ਪਰਮਾਣੂ ਊਰਜਾ ਪਲਾਂਟਾਂ ਉਪਰ ਪਿਛਲੇ ਹਫ਼ਤੇ ਡਰੋਨ ਦੇਖੇ ਜਾਣ ਦੀਆਂ ਰਿਪੋਰਟਾਂ ਨਾਲ ਸਵੀਡਨ ਦੇ ਅਧਿਕਾਰੀ ਪ੍ਰੇਸ਼ਾਨੀ ’ਚ ਹਨ। ਪੁਲੀਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸ਼ੁੱਕਰਵਾਰ ਨੂੰ ਪੁਲੀਸ ਨੇ ਡਰੋਨਾਂ ਬਾਰੇ ਚੌਕਸ ਕੀਤਾ ਸੀ। ਸਵੀਡਿਸ਼ ਮੀਡੀਆ ਨੇ ਕਿਹਾ ਕਿ ਡਰੋਨ ਬਹੁਤ ਵੱਡੇ ਸਨ। ਸਵੀਡਿਸ਼ ਨੈਸ਼ਨਲ ਡਿਫੈਂਸ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਹੈਂਸ ਲਿਵਾਂਗ ਨੇ ਕਿਹਾ ਕਿ ਸਵੀਡਨ ਡਰੋਨ ਜਿਹੇ ਹਮਲੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੈ। ਸਵੀਡਨ ’ਚ ਤਿੰਨ ਪਰਮਾਣੂ ਊਰਜਾ ਪਲਾਂਟ ਹਨ। ਸਾਲ 2019 ’ਚ ਰਿੰਗਹਾਲਸ 2 ਰਿਐਕਟਰ ਨੂੰ ਆਮਦਨ ’ਚ ਕਮੀ ਅਤੇ ਸਾਂਭ-ਸੰਭਾਲ ਦੀ ਲਾਗਤ ’ਚ ਵਾਧੇ ਕਾਰਨ ਬੰਦ ਕਰ ਦਿੱਤਾ ਗਿਆ ਸੀ। -ਏਪੀ