ਬਗਦਾਦ, 12 ਸਤੰਬਰ
ਉੱਤਰੀ ਇਰਾਕ ਵਿਚ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਡਰੋਨਾਂ ਵੱਲੋਂ ਸ਼ਨਿਚਰਵਾਰ ਦੇਰ ਰਾਤ ਇਰਬਿਲ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਅਮਰੀਕਾ ਦੀ ਅਗਵਾਈ ਵਿਚ ਗੱਠਜੋੜ ਵਾਲੀਆਂ ਫ਼ੌਜਾਂ ਤਾਇਨਾਤ ਹਨ। ਇਸ ਹਮਲੇ ਵਿਚ ਹੁਣ ਤੱਕ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਕੁਰਦ ਸ਼ਾਸਿਤ ਇਸ ਖੇਤਰ ਵਿਚ ਸੁਰੱਖਿਆ ਬਲਾਂ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕੁਰਦਿਸਤਾਨ ਦੀ ਅਤਿਵਾਦ ਵਿਰੋਧੀ ਸੇਵਾ ਨੇ ਦੱਸਿਆ ਕਿ ਵਿਸਫੋਟਕਾਂ ਨਾਲ ਲੱਦੇ ਘੱਟੋ ਘੱਟ ਦੋ ਡਰੋਨਾਂ ਨੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਰਧ-ਖੁਦਮੁਖਤਿਆਰ ਉੱਤਰੀ ਖੇਤਰ ਦੇ ਬੁਲਾਰੇ ਲਾਕ ਗਫੂਰੀ ਨੇ ਦੱਸਿਆ ਕਿ ਵਿਸਫੋਟਕ ਹਵਾਈ ਅੱਡੇ ਦੇ ਬਾਹਰੀ ਖੇਤਰ ਵਿਚ ਡਿੱਗੇ ਅਤੇ ਉਨ੍ਹਾਂ ਹਮਲੇ ਨਾਲ ਉਡਾਣਾਂ ’ਤੇ ਅਸਰ ਪੈਣ ਸਬੰਧੀ ਖ਼ਬਰਾਂ ਨੂੰ ਖਾਰਜ ਕੀਤਾ। ਉਨ੍ਹਾਂ ਦੱਸਿਆ ਕਿ ਹਵਾਈ ਅੱਡਾ ਅਜੇ ਵੀ ਖੁੱਲ੍ਹਾ ਹੋਇਆ ਹੈ ਅਤੇ ਕੁਰਦ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਰੀਬ ਦੋ ਮਹੀਨਿਆਂ ਤੋਂ ਬਗਦਾਦ ਵਿਚ ਅਮਰੀਕਾ ਦੀ ਮੌਜੂਦਗੀ ਤੇ ਇਰਾਕ ਵਿਚ ਫ਼ੌਜੀ ਅੱਡਿਆਂ ਨੂੰ ਡਰੋਨ ਤੇ ਰਾਕੇਟ ਹਮਲਿਆਂ ਨਾਲ ਨਿਸ਼ਾਨਾ ਨਾ ਬਣਾਏ ਜਾਣ ਮਗਰੋਂ ਇਹ ਪਹਿਲਾ ਹਮਲਾ ਹੈ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਦੇ ਗਰੀਨ ਜ਼ੋਨ ਵਿਚ ਰਾਕੇਟ ਹਮਲੇ ਹੋਏ ਸਨ ਜਿੱਥੇ ਅਮਰੀਕੀ ਸਫ਼ਾਰਤਖਾਨਾ ਸਥਿਤ ਹੈ। ਹਾਲਾਂਕਿ, ਇਨ੍ਹਾਂ ਹਮਲਿਆਂ ਵਿਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। -ਏਪੀ