ਸਤਬਿੀਰ ਸਿੰਘ
ਬਰੈਂਪਟਨ, 17 ਦਸੰਬਰ
ਕੈਨੇਡਾ ਦੇ ਸਾਹਿਤ ਕਲਾ ਤੇ ਚਿੰਤਨ ਦੇ ਦਾਇਰੇ ਵੱਲੋਂ ਅੱਜ ਇਥੇ ਪੰਜਾਬੀ ਦੇ ਨਾਮਵਰ ਲੇਖਕ ਅਤੇ ਚਿੰਤਕ ਡਾ. ਐੱਸ.ਐੱਸ. ਦੁਸਾਂਝ, ਜੋ ਹਾਲ ਹੀ ਵਿਚ ਪੰਜਾਬੀ ਪ੍ਰੇਮੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਸ਼ਬਦਾਂ ਰਾਹੀਂ ਨਮਨ ਕੀਤਾ ਗਿਆ। ਕੈਨੇਡਾ ਵਿਚ ਮਹਿਰੋਕ ਵਲੋਂ ਬਣਾਏ ਪੰਜਾਬੀ ਭਵਨ ਵਿਚ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਨੇ ਕਿਹਾ ਕਿ ਡਾ. ਦੁਸਾਂਝ ਨੇ 70ਵਿਆਂ ਵਿਚ ਅਸਲੋਂ ਨਵੇਂ ਅਨੁਭਵ ਵਾਲੇ ਕਿਰਤੀ ਅਤੇ ਨਿਮਨ ਮੱਧ ਵਰਗ ਲਈ ਲਿਖੇ ਜਾਣ ਵਾਲੇ ਸਾਹਿਤ ਦੀ ਮੂਹਰੇ ਹੋ ਕੇ ਅਗਵਾਈ ਕੀਤੀ। ਡਾ. ਦੁਸਾਂਝ ਆਪਣੀ ਵਿਦਵਤਾ ਦੇ ਜ਼ੋਰ ਨਾਲ ਸਾਹਿਤ ਨੂੰ ਉੱਚੇ ਅਕਾਦਮਿਕ ਖੇਤਰਾਂ ਵਿਚ ਵੀ ਲੈ ਕੇ ਗਏ। ਪਹਿਲਾਂ ‘ਹੇਮ ਜਯੋਤੀ’ ਮੈਗਜ਼ੀਨ ਦੀ ਸਰਪ੍ਰਸਤੀ ਕਰਕੇ, ਫ਼ਿਰ ‘ਲੋਕ ਹੱਕ’ ਰਸਾਲੇ ਦਾ ਪ੍ਰਕਾਸ਼ਨ ਕਰਕੇ ਦਬੇ ਲੋਕਾਂ ਦੇ ਸਾਹਿਤ ਦੀ ਆਪਣੀ ਜ਼ਿੰਦਗੀ ਜੋਖ਼ਮ ਵਿਚ ਪਾ ਕੇ ਪੈਰਵੀ ਕਰਦੇ ਰਹੇ। ਉਨ੍ਹਾਂ ਥਾਂ ਥਾਂ ਸਟੇਜਾਂ ’ਤੇ ਬੋਲ ਕੇ ਅਤੇ ਮੀਡੀਆ ਵਿਚ ਲਿਖ ਕੇ ਲੋਕਾਂ ਨੂੰ ਅਗਾਂਹਵਧੂ ਲਹਿਰ ਅਤੇ ਇਸ ਦੇ ਸਾਹਿਤ ਬਾਰੇ ਜਾਗਰੂਕ ਕੀਤਾ। ਪੰਜਾਬੀ ਕਵੀ ਅਤੇ ਪੱਤਰਕਾਰ ਸ਼ਮੀਲ ਨੇ ਕਿਹਾ ਕਿ ਡਾ. ਦੁਸਾਂਝ ਦੀ ਕਿਤਾਬ ਗੁਰੂ ਨਾਨਕ ਬਾਰੇ ‘ਸੱਚ ਖੋਜ’ ਪੰਜਾਬੀ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਤਾਬ ਹੈ। ਉਨ੍ਹਾਂ ਬੰਗਾਲੀ ਲੇਖਕ ਦੀ ਕਿਤਾਬ ‘ਪੱਥ ਦੇ ਦਾਅਵੇਦਾਰ’ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਪ੍ਰੋ. ਬਲਵਿੰਦਰ ਸਿੰਘ ਨੇ ਕਿਹਾ ਕਿ ਕਿਰਤੀ ਵੇਹੜਿਆਂ ਦੇ ਕਵੀ ਸੰਤ ਰਾਮ ਉਦਾਸੀ ਨੂੰ ਸਭ ਤੋ ਪਹਿਲਾਂ ਦੁਸਾਂਝ ਹੀ ਸਟੇਜ ’ਤੇ ਲੈ ਕੇ ਆਏ ਸਨ। ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਡਾ. ਦੁਸਾਂਝ ਨੇ ਮੁਲਾਜ਼ਮ ਤੇ ਵਿਦਿਆਰਥੀ ਲਹਿਰਾਂ ਦਾ ਡਟ ਕੇ ਸਾਥ ਦਿੱਤਾ। ਸਭਾ ਵਿੱਚ ਪ੍ਰੋ. ਆਰ.ਐੱਸ. ਬਰਾੜ, ਪਰਮਜੀਤ ਸਿੰਘ ਵਿਰਦੀ, ਸੁਖਦੇਵ ਸਿੰਘ ਰਕਬਾ, ਰਣਜੀਤ ਸਿੰਘ, ਬਿਪਨਦੀਪ ਮਹਿਰੋਕ, ਡਾ ਸੁਖਨੈਨ ਸਿੰਘ, ਡੇਜ਼ੀ ਧਾਲੀਵਾਲ, ਸੰਦੀਪ ਕੌਰ ਮਾਹਲਪੁਰ, ਨਾਹਰ ਸਿੰਘ ਔਜਲਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।