ਕੋਲੰਬੋ, 27 ਨਵੰਬਰ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਨਾਲ ਗੱਲਬਾਤ ਅਤੇ ਰੱਖਿਆ ਸਕੱਤਰ ਨੂੰ ਮਿਲ ਕੇ ਖ਼ਿੱਤੇ ’ਚ ਸ਼ਾਂਤੀ ਅਤੇ ਸੁੁਰੱਖਿਆ ਲਈ ਦੁਵੱਲੇ ਸਹਿਯੋਗ ਬਾਰੇ ਚਰਚਾ ਵੀ ਕੀਤੀ।
ਡੋਵਾਲ, ਭਾਰਤ, ਸ੍ਰੀਲੰਕਾ ਅਤੇ ਮਾਲਦੀਵ ਵਿਚਾਲੇ ਤਿੰਨ-ਪੱਖੀ ਸਮੁੰਦਰੀ ਸੁਰੱਖਿਆ ਸਬੰਧੀ ਗੱਲਬਾਤ ਲਈ ਅੱਜ ਇੱਥੇ ਪੁਹੰਚੇ। ਸ੍ਰੀਲੰਕਾ ਵੱਲੋਂ ਭਾਰਤ ਅਤੇ ਮਾਲਦੀਵ ਨਾਲ ਸਮੁੰਦਰੀ ਸੁਰੱਖਿਆ ਸਹਿਯੋਗ ਬਾਰੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਚੌਥੀ ਦੋ ਦਿਨਾ ਮੀਟਿੰਗ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਮੀਟਿੰਗ 6 ਸਾਲਾਂ ਮਗਰੋਂ ਹੋ ਰਹੀ ਹੈ। ਆਖਰੀ ਮੀਟਿੰਗ ਨਵੀਂ ਦਿੱਲੀ ’ਚ 2014 ਵਿੱਚ ਹੋਈ ਸੀ। ਕੋਲੰਬੋ ’ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘ਐੱਨਐੱਸਏ ਅਜੀਤ ਡੋਵਾਲ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਨਾਲ ਗੱਲਬਾਤ ਕੀਤੀ। ਐੱਨਐੱਸਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਵਧਾਈ ਦਿੱਤੀ ਅਤੇ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਦੋਵਾਂ ਨੇਤਾਵਾਂ ਵਿਚਾਲੇ ਹੋਈ ਵਰਚੁਅਲ ਦੁਵੱਲੀ ਮੀਟਿੰਗ ਦਾ ਹਵਾਲਾ ਦਿੱਤਾ।’ ਡੋਵਾਲ, ਸ੍ਰੀਲੰਕਾ ਦੇ ਰੱਖਿਆ ਸਕੱਤਰ ਮੇਜਰ ਜਨਰਲ (ਸੇਵਾਮੁਕਤ) ਕਮਲ ਗੁਨਾਰਤਨੇ ਨੂੰ ਮਿਲੇ ਅਤੇ ਉਨ੍ਹਾਂ ਨੇ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਕਦਮਾਂ ’ਤੇ ਸਹਿਮਤੀ ਪ੍ਰਗਟਾਈ। -ਪੀਟੀਆਈ