ਵਾਸ਼ਿੰਗਟਨ, 8 ਸਤੰਬਰ
ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਬਾਰੇ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਦਾ ਭਾਰਤ ਦੌਰਾ ਮੁਲਕ ਨਾਲ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ’ਚ ਸਹਾਈ ਹੋਵੇਗਾ। ਵਿਦੇਸ਼ ਵਿਭਾਗ ਨੇ ਕਿਹਾ ਕਿ ਲੂ ਦੀ ਅਗਵਾਈ ਹੇਠ ਭਾਰਤ ਗਏ ਵਫ਼ਦ ਵੱਲੋਂ ਕਈ ਭਾਰਤੀ ਆਗੂਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ। ਵਫ਼ਦ ਦੇ ਦੌਰੇ ਦਾ ਅੱਜ ਅੰਤਿਮ ਦਿਨ ਹੈ। ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਵਫ਼ਦ ਵੱਲੋਂ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ਨੂੰ ਆਜ਼ਾਦ ਅਤੇ ਖ਼ੁਸ਼ਹਾਲ ਬਣਾਈ ਰੱਖਣ ਲਈ ਦੋਵੇਂ ਮੁਲਕ ਰਾਹ ਤਲਾਸ਼ਣ ਬਾਰੇ ਵਿਚਾਰ ਵਟਾਂਦਰਾ ਕਰਨਗੇ। -ਪੀਟੀਆਈ