ਲੰਡਨ, 31 ਅਗਸਤ
ਬਰਤਾਨੀਆ ’ਚ ਸਿੱਖ ਫੌਜੀ ਨੂੰ ਬਰਤਾਨਵੀ ਫੌਜ ’ਚ ਤਰੱਕੀ ਮਿਲਣ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਪੂਰੀ ਚਰਚਾ ’ਚ ਰਹੀ। ਇਸ ਖ਼ਬਰ ਸਿੱਖ ਫੌਜੀ ਦੀ ਪਤਨੀ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਜਿਸ ਮਗਰੋਂ ਉਸ ਨੂੰ ਹਜ਼ਾਰਾਂ ਵਧਾਈ ਸੁਨੇਹੇ ਤੇ ਟਿੱਪਣੀਆਂ ਮਿਲੀਆਂ। ਨਾਇਕ ਚਮਨਦੀਪ ਸਿੰਘ ਦਾ ਜਨਮ ਪੰਜਾਬ ’ਚ ਹੋਇਆ ਤੇ ਉਹ ਇਸ ਸਮੇਂ ਬਰਤਾਨੀਆ ਦੀ ਸ਼ਾਹੀ ਫੌਜ (ਆਰਐੱਲਸੀ) ’ਚ ਤਾਇਨਾਤ ਹੈ। ਉਸ ਨੇ 12 ਸਾਲ ਭਾਰਤ ਦੇ ਮਿਲਟਰੀ ਸਕੂਲ ’ਚ ਪੜ੍ਹਾਈ ਕੀਤੀ। ਇਸ ਦੌਰਾਨ ਉਸ ਨੇ ਹਵਲਦਾਰ ਮੇਜਰ ਰਾਜਿੰਦਰ ਸਿੰਘ ਧੱਟ ਤੇ ਦੂਜੀ ਵਿਸ਼ਵ ਜੰਗ ਸਮੇਂ ਬਰਮਾ ਖ਼ਿਲਾਫ਼ ਮੁਹਿੰਮ ਦੌਰਾਨ ਉਸ ਵੱਲੋਂ ਦਿਖਾਈ ਬਹਾਦੁਰੀ ਬਾਰੇ ਪੜ੍ਹਿਆ। ਚਮਨਦੀਪ ਦੇ ਪਿਤਾ ਨੇ ਵੀ ਭਾਰਤੀ ਫੌਜ ’ਚ ਸੇਵਾ ਨਿਭਾਈ ਸੀ। ਇਸੇ ਤੋਂ ਪ੍ਰਭਾਵਿਤ ਹੋ ਕੇ ਉਹ ਬਰਤਾਨੀਆ ਆ ਕੇ ਇੱਥੋਂ ਦੀ ਫੌਜ ’ਚ ਭਰਤੀ ਹੋਇਆ। ਉਸ ਦੀ ਪਤਨੀ ਸੀਸ ਕੌਰ ਸੀਰਾ ਵੱਲੋਂ ਟਵਿੱਟਰ ’ਤੇ ਪਾਈ ਇਹ ਸਬੰਧੀ ਖ਼ਬਰ ਨੂੰ 7300 ਲੋਕਾਂ ਨੇ ਪਸੰਦ ਕੀਤਾ ਤੇ 500 ਲੋਕਾਂ ਨੇ ਟਿੱਪਣੀਆਂ ਕੀਤੀਆਂ। -ਪੀਟੀਆਈ