ਬੀਜਿੰਗ, 27 ਅਕਤੂਬਰ
ਚੀਨ ਦੇ ਰੱਖਿਆ ਮੰਤਰੀ ਵੇਈ ਫਿੰਗੇ ਨੇ ਰੂਸ ਦੇ ਹਮਰੁਤਬਾ ਸਰਗੇਈ ਸ਼ੋਇਗੂ ਨਾਲ ਟੈਲੀਫੋਨ ’ਤੇ ਸਥਾਨਕ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕਰਨ ਲਈ ਗੱਲਬਾਤ ਕੀਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਟੈਨ ਕੈਫੇਈ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜ਼ਿਆਦਾ ਵੇਰਵੇ ਨਹੀਂ ਦਿੱਤੇ। ਉਨ੍ਹਾਂ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਇਹ ਗੱਲਬਾਤ ਕਦੋਂ ਹੋਈ ਸੀ। ਚੀਨ ਨੇ ਯੂਕਰੇਨ ਖ਼ਿਲਾਫ਼ ਹਮਲੇ ਵਿੱਚ ਰੂਸ ਦਾ ਸਮਰਥਨ ਕੀਤਾ ਹੈ। ਚੀਨ ਨੇ ਅਮਰੀਕਾ ਅਤੇ ਨਾਟੋ ਉੱਤੇ ਇਸ ਵਿਵਾਦ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ। ਅਮਰੀਕਾ ਦੀ ਸਖ਼ਤ ਚਿਤਾਵਨੀ ਤੋਂ ਬਾਅਦ ਚੀਨ ਨੇ ਰੂਸ ਨੂੰ ਹਥਿਆਰ ਮੁਹੱਈਆ ਕਰਾਉਣ ਜਾਂ ਸੰਘਰਸ਼ ਵਿੱਚ ਸਿੱਧੇ ਤੌਰ ’ਤੇ ਸ਼ਮੂਲੀਅਤ ਤੋਂ ਦੂਰ ਰੱਖਿਆ ਹੋਇਆ ਹੈ। ਰੂਸ ਦੇ ਫਰਵਰੀ ਦੇ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਦੋਵਾਂ ਦੇ ਦੇਸ਼ਾਂ ਦੀ ਦੋਸਤੀ ਦੀ ‘ਕੋਈ ਸੀਮਾ’ ਨਹੀਂ ਹੈ।
ਇਸੇ ਦੌਰਾਨ ਪੂਤਿਨ ਨੇ ਐਤਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਵਜੋਂ ਤੀਜੀ ਵਾਰ ਜ਼ਿੰਮੇਵਾਰ ਮਿਲਣ ’ਤੇ ਸ਼ੀ ਨੂੰ ਵਧਾਈ ਸੰਦੇਸ਼ ਭੇਜ ਇਸ ਰਿਸ਼ਤੇ ਦੀ ਪੁਸ਼ਟੀ ਕੀਤੀ। ਰੂਸੀ ਰੱਖਿਆ ਮੰਤਰੀ ਸ਼ੋਇਗੂ ਨੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਦੇ ਆਪਣੇ ਹਮਰੁਤਬਾ ਨਾਲ ਯੂਕਰੇਨ ਵੱਲੋਂ ‘ਡਰਟੀ ਬੰਬ’ ਦੀ ਵਰਤੋਂ ਦੀ ਸੰਭਾਵਨਾ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਚੀਨ ਅਤੇ ਰੂਸ ਨੇ ਅਮਰੀਕਾ ਦੀ ਅਗਵਾਈ ਵਾਲੀ ਪੱਛਮੀ ਵਿਸ਼ਵ ਵਿਵਸਥਾ ਦੇ ਵਿਰੋਧ ਵਿੱਚ ਆਪਣੀਆਂ ਵਿਦੇਸ਼ ਨੀਤੀਆਂ ਨੂੰ ਮਜ਼ਬੂਤ ਕੀਤਾ ਹੈ। -ਪੀਟੀਆਈ
ਆਸਟਰੇਲੀਆ ਦੇਵੇਗਾ ਯੂਕਰੇਨ ਦੇ ਫ਼ੌਜੀਆਂ ਨੂੰ ਟਰੇਨਿੰਗ
ਸਿਡਨੀ: ਆਸਟਰੇਲੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਬਰਤਾਨੀਆ ਦੀ ਮਦਦ ਨਾਲ 70 ਫ਼ੌਜੀਆਂ ਨੂੰ ਯੂਕਰੇਨ ਦੇ ਫ਼ੌਜੀਆਂ ਨੂੰ ਟਰੇਨਿੰਗ ਦੇਵੇਗਾ। ਇਸ ਤੋਂ ਇਲਾਵਾ ਰੂਸ ਖ਼ਿਲਾਫ਼ ਕੀਵ ਵਿੱਚ ਅਸਲੇ ਨਾਲ ਲੈਸ 30 ਵਾਹਨ ਵੀ ਭੇਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਕੀਤੇ ਜੰਗ ਦੇ ਐਲਾਨ ਮਗਰੋਂ ਯੂਕਰੇਨ ਵਿੱਚ ਵੱਡੀ ਪੱਧਰ ’ਤੇ ਤਬਾਹੀ ਹੋਈ ਹੈ। ਯੂਕਰੇਨ ਅਤੇ ਪੱਛਮੀ ਮੁਲਕਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਲਗਾਏ ਗਏ ਫ਼ਾਸ਼ੀਵਾਦ ਦੇ ਦੋਸ਼ ਬੇਬੁਨਿਆਦ ਹਨ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਕਿ ਹੁਣ ਇਹ ਮਹਿਸੂਸ ਕੀਤਾ ਹੈ ਕਿ ਯੂਕਰੇਨ ਨੂੰ ਲੰਬੇ ਸਮੇਂ ਦੀ ਮਦਦ ਦੀ ਲੋੜ ਹੈ ਤਾਂ ਕਿ ਉਹਆਪਣੇ ਤੌਰ ’ਤੇ ਯਤਨ ਕਰ ਸਕੇ। -ਰਾਇਟਰਜ਼