ਵਾਸ਼ਿੰਗਟਨ, 27 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਦੁਵੱਲੇ ਰੱਖਿਆ ਉਦਯੋਗਿਕ ਸਹਿਯੋਗ ਦੇ ਨਵੇਂ ਮੌਕਿਆਂ ਉਤੇ ਵਿਚਾਰ-ਚਰਚਾ ਕੀਤੀ। ਪੈਂਟਾਗਨ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਉਦਯੋਗਿਕ ਤਾਲਮੇਲ ਨਾਲ ਨਵੀਂ ਦਿੱਲੀ ਖੇਤਰੀ ਸੁਰੱਖਿਆ ਦੇ ਮਾਮਲੇ ਵਿਚ ਵੱਡਾ ਹਿੱਸੇਦਾਰ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਵਾਸ਼ਿੰਗਟਨ ਦੇ ਚਾਰ ਦਿਨਾਂ ਦੇ ਦੌਰੇ ਉਤੇ ਹਨ। ਆਸਟਿਨ ਨਾਲ ਮੁਲਾਕਾਤ ਲਈ ਜੈਸ਼ੰਕਰ ਅੱਜ ਪੈਂਟਾਗਨ ਗਏ। ਦੋਵਾਂ ਆਗੂਆਂ ਨੇ ਇਸ ਮੌਕੇ ਦੁਵੱਲੇ ਰੱਖਿਆ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਤਰਜੀਹੀ ਅਧਾਰ ’ਤੇ ਕੀਤੇ ਜਾਣ ਵਾਲੇ ਯਤਨਾਂ ਉਤੇ ਚਰਚਾ ਕੀਤੀ। ਆਸਟਿਨ ਤੇ ਜੈਸ਼ੰਕਰ ਨੇ ਸੂਚਨਾਵਾਂ ਸਾਂਝੀਆਂ ਕਰਨ ਤੇ ਲੌਜਿਸਟਿਕ ਤਾਲਮੇਲ ਪ੍ਰਤੀ ਵੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕਾ ਤੇ ਭਾਰਤ ਦੀ ਸੈਨਾ ਵਿਚਾਲੇ ਰਾਬਤਾ ਡੂੰਘਾ ਹੋਵੇਗਾ। ਦੋਵਾਂ ਆਗੂਆਂ ਨੇ ਇਸ ਸਾਲ ਲਾਂਚ ਕੀਤੇ ਜਾਣ ਵਾਲੇ ਨਵੇਂ ਰੱਖਿਆ ਸੰਵਾਦ ਉਤੇ ਵੀ ਗੱਲਬਾਤ ਕੀਤੀ। ਪੈਂਟਾਗਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਪੁਲਾੜ, ਸਾਈਬਰ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹੋਰ ਤਕਨੀਕੀ ਖੇਤਰਾਂ ਵਿਚ ਵੀ ਨੇੜੇ ਹੋ ਕੇ ਕੰਮ ਕਰ ਰਹੇ ਹਨ। ਮੀਟਿੰਗ ਦੌਰਾਨ ਜੈਸ਼ੰਕਰ ਤੇ ਆਸਟਿਨ ਨੇ ਭਾਰਤ, ਅਮਰੀਕਾ, ਜਾਪਾਨ, ਆਸਟਰੇਲੀਆ ਤੇ ਯੂਰਪੀ ਸਹਿਯੋਗੀਆਂ ਵਿਚਾਲੇ ਤਾਲਮੇਲ ਗਹਿਰਾ ਕਰਨ ਦੀ ਲੋੜ ਨੂੰ ਵੀ ਉਭਾਰਿਆ। ਪੈਂਟਾਗਨ ਨੇ ਕਿਹਾ ਕਿ ਅਮਰੀਕਾ, ਭਾਰਤ ਅਤੇ ਇਕੋ-ਜਿਹੇ ਵਿਚਾਰ ਰੱਖਣ ਵਾਲੇ ਹੋਰਨਾਂ ਮੁਲਕਾਂ ਨਾਲ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਕਾਇਮ ਰੱਖਣ ਲਈ ਵਚਨਬੱਧ ਹੈ। ਆਸਟਿਨ ਤੇ ਜੈਸ਼ੰਕਰ ਨੇ ਖੁੱਲ੍ਹੇ ਅਤੇ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣਾ ਅਹਿਦ ਵੀ ਦੁਹਰਾਇਆ। -ਪੀਟੀਆਈ
ਭਾਰਤ ਤੇ ਪਾਕਿਸਤਾਨ ਵੱਖ-ਵੱਖ ਨੁਕਤਿਆਂ ਤੋਂ ਸਾਡੇ ਭਾਈਵਾਲ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਵੱਖ-ਵੱਖ ਨੁਕਤਿਆਂ ਤੋਂ ਉਨ੍ਹਾਂ ਦੇ ਭਾਈਵਾਲ ਹਨ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਐਫ-16 ਜਹਾਜ਼ (ਸੁਰੱਖਿਆ ਪੈਕੇਜ) ਦੇਣ ਉਤੇ ਸਵਾਲ ਉਠਾਏ ਸਨ। ਅਮਰੀਕਾ ਨੇ ਹਵਾਲਾ ਦਿੱਤਾ ਕਿ ਇਹ ਪੈਕੇਜ ਅਤਿਵਾਦ ਨਾਲ ਨਜਿੱਠਣ ਲਈ ਦਿੱਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਸਾਰੇ ਜਾਣਦੇ ਹਨ ਕਿ ਇਹ ਲੜਾਕੂ ਜਹਾਜ਼ ਕਿਸ ਦੇ ਖ਼ਿਲਾਫ਼ ਵਰਤੇ ਜਾਣਗੇ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਉਸਾਰੂ ਸਬੰਧਾਂ ਦੇ ਇਛੁੱਕ ਹਨ ਤੇ ਇਸ ਲਈ ਹਰ ਯਤਨ ਵੀ ਕਰਨਗੇ। -ਪੀਟੀਆਈ