ਜੌਹੈਨਸਬਰਗ, 8 ਜੂਨ
ਦੱਖਣੀ ਅਫਰੀਕਾ ਦੇ ਪੀਟਰ ਮੈਰਿਟਜ਼ਬਰਗ ’ਚ ਮਹਾਤਮਾ ਗਾਂਧੀ ਨੂੰ ਰੇਲ ਗੱਡੀ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦੇਣ ਦੀ ਘਟਨਾ ਦੇ 128 ਸਾਲ ਪੂਰੇ ਹੋਣ ਮੌਕੇ ਦੁਨੀਆਂ ਦੇ ਵੱਖ ਵੱਖ ਵਿਦਵਾਨਾਂ ਨੇ ਭਾਰਤ ਦੇ ਰਾਸ਼ਟਰਪਿਤਾ ਦੇ ਉਨ੍ਹਾਂ ਸੁਨੇਹਿਆਂ ਬਾਰੇ ਚਰਚਾ ਕੀਤੀ ਜੋ ਦੁਨੀਆਂ ਲਈ ਅੱਜ ਵੀ ਪ੍ਰਸੰਗਿਕ ਬਣੇ ਹੋਏ ਹਨ। ਮਹਾਤਮਾ ਗਾਂਧੀ ਨੂੰ ਸੱਚ ਤੇ ਅਹਿੰਸਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨ ਵਾਲੀ ਇਹ ਘਟਨਾ ਸੱਤ ਜੂਨ 1893 ਨੂੰ ਵਾਪਰੀ ਸੀ ਜਿਸ ’ਚ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ। ਪੀਟਰਮੈਰਿਟਜ਼ਰਗ ਗਾਂਧੀ ਸਮਾਰਕ ਕਮੇਟੀ ਦੇ ਪ੍ਰਧਾਨ ਡੇਵਿਡ ਗੇਨਗਾਨ ਨੇ ਕਿਹਾ ਕਿ ਕਮੇਟੀ ਨੇ ਕੁਝ ਸਾਲ ਪਹਿਲਾਂ ਇਹ ਫ਼ੈਸਲਾ ਕੀਤਾ ਸੀ ਕਿ ਸੱਤ ਜੂਨ 1983 ਦੀ ਘਟਨਾ ਅਤੇ ਗਾਂਧੀ ’ਤੇ ਇਸ ਘਟਨਾ ਦੇ ਪ੍ਰਭਾਵ ਨੂੰ ਹਰ ਸਾਲ ਇਸ ਦੀ ਵਰ੍ਹੇਗੰਢ ਮੌਕੇ ਚਰਚਾ ਕਰਵਾ ਕੇ ਯਾਦ ਕੀਤਾ ਜਾਵੇਗਾ। ਡੇਵਿਡ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਦਾ ਬੀਜ ਇੱਥੇ ਹੀ ਬੀਜਿਆ ਸੀ। ਮਹਾਤਮਾ ਗਾਂਧੀ ਦੀ ਪੋਤੀ ਤੇ ਗਾਂਧੀ ਵਿਕਾਸ ਟਰੱਸਟ ਦੀ ਮੁਖੀ ਇਲਾ ਗਾਂਧੀ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਆਪਣੇ ਜੀਵਨ ਕਾਲ ’ਚ ਮਹਾਤਮਾ ਗਾਂਧੀ ਨੇ ਕਈ ਸੱਚ ਲੱਭੇ। ਨੈਲਸਨ ਮੰਡੇਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਲੋ ਹਟਾਂਗ ਨੇ ਕਿਹਾ ਕਿ ਗਾਂਧੀ ਦਾ ਨਜ਼ਰੀਆ ਤੇ ਸੋਚਣ ਦਾ ਤਰੀਕਾ ਕੁਝ ਅਜਿਹਾ ਸੀ ਜੋ ਸਾਰੇ ਮਨੁੱਖ ਹਾਸਲ ਕਰ ਸਕਦੇ ਹਨ। -ਪੀਟੀਆਈ