ਵਾਸ਼ਿੰਗਟਨ, 1 ਜੁਲਾਈ
ਕੌਮਾਂਤਰੀ ਧਾਰਮਿਕ ਆਜ਼ਾਦੀ ਸਬੰਧੀ ਮਾਮਲਿਆਂ ਦੇ ਅਮਰੀਕੀ ਦੂਤ ਰਾਸ਼ਦ ਹੁਸੈਨ ਨੇ ਭਾਰਤ ’ਚ ਕਈ ਧਾਰਮਿਕ ਫਿਰਕਿਆਂ ਨਾਲ ਅਪਣਾਏ ਜਾਂਦੇ ਵਤੀਰੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ‘ਚੁਣੌਤੀਆਂ’ ਨਾਲ ਸਿੱਝਣ ਲਈ ਅਮਰੀਕਾ ਸਿੱਧੇ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਵਾਸ਼ਿੰਗਟਨ ’ਚ ਵੀਰਵਾਰ ਨੂੰ ਕੌਮਾਂਤਰੀ ਧਾਰਮਿਕ ਆਜ਼ਾਦੀ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਹੁਸੈਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ 1969 ’ਚ ਭਾਰਤ ਤੋਂ ਅਮਰੀਕਾ ਆਏ ਸਨ। ਅਮਰੀਕੀ ਦੂਤ ਨੇ ਕਿਹਾ,‘‘ਭਾਰਤ ’ਚ ਹੁਣ ਇਕ ਨਾਗਰਿਕਤਾ ਕਾਨੂੰਨ ਹੈ। ਭਾਰਤ ’ਚ ਨਰਸੰਘਾਰ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਗਿਰਜਾ ਘਰਾਂ ’ਤੇ ਹਮਲੇ ਹੋਏ। ਹਿਜਾਬ ’ਤੇ ਪਾਬੰਦੀ ਲਗਾਈ ਗਈ ਅਤੇ ਘਰ ਢਾਹੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਜਨਤਕ ਤੌਰ ’ਤੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਗ਼ੈਰ ਮਨੁੱਖੀ ਵਰਤਾਰਾ ਹੈ ਅਤੇ ਇਹ ਇਸ ਹੱਦ ਤੱਕ ਹੈ ਕਿ ਇਕ ਮੰਤਰੀ ਨੇ ਮੁਸਲਮਾਨਾਂ ਨੂੰ ਸਿਓਂਕ ਤੱਕ ਕਰਾਰ ਦਿੱਤਾ। ਹੁਸੈਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਦੇ ਸੰਦਰਭ ’ਚ ਇਹ ਗੱਲ ਆਖੀ। ਇਕ ਭਾਸ਼ਨ ’ਚ ਸ਼ਾਹ ਨੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਸਿਓਂਕ ਕਰਾਰ ਦਿੱਤਾ ਸੀ। ਹੁਸੈਨ ਨੇ ਕਿਹਾ ਕਿ ਇਹ ਅਮਰੀਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ’ਚ ਹੀ ਨਹੀਂ ਸਗੋਂ ਦੁਨੀਆ ਭਰ ’ਚ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਮਾਮਲਿਆਂ ’ਚ ਆਵਾਜ਼ ਬੁਲੰਦ ਕਰੇ। ਭਾਰਤ ਨੇ ਅਮਰੀਕਾ ’ਚ ਉਸ ਖ਼ਿਲਾਫ਼ ਆਲੋਚਨਾਵਾਂ ਨੂੰ ਲਗਾਤਾਰ ਖਾਰਜ ਕੀਤਾ ਹੈ। ਉਦੈਪੁਰ ’ਚ ਦਰਜੀ ਦੀ ਹੱਤਿਆ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ,‘‘ਇਹ ਅਹਿਮ ਹੈ ਕਿ ਅਸੀਂ ਮਿਲ ਕੇ ਕੰਮ ਕਰੀਏ ਤੇ ਸਾਰਿਆਂ ਦੇ ਹੱਕਾਂ ਲਈ ਲੜੀਏ, ਭਾਵੇਂ ਕਿਸੇ ਵੀ ਵਿਅਕਤੀ ’ਤੇ ਹਮਲਾ ਹੋਵੇ। ਕੱਲ ਇਕ ਹਮਲਾ ਕੀਤਾ ਗਿਆ। ਇਹ ਨਿੰਦਣਯੋਗ ਸੀ।’’ -ਪੀਟੀਆਈ