ਜਨੇਵਾ: ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਵੱਲੋਂ ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਾਲਨੀ ਨੂੰ ਸਜ਼ਾ ਦੇਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਵਿੱਚੋਂ 1400 ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਮਾਸਕੋ ਦੀ ਇਕ ਅਦਾਲਤ ਵੱਲੋਂ ਮੰਗਲਵਾਰ ਨੂੰ ਨਵਾਲਨੀ ਨੂੰ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਉਸ ਦੇ ਵਕੀਲ ਨੇ ਕਿਹਾ ਕਿ ਨਵਾਲਨੀ ਪਹਿਲਾਂ ਹੀ ਨਜ਼ਰਬੰਦ ਰਹਿ ਚੁੱਕਾ ਹੈ, ਇਸ ਵਾਸਤੇ ਹੁਣ ਉਹ ਅਸਲ ਵਿੱਚ ਦੋ ਸਾਲ ਤੇ ਅੱਠ ਮਹੀਨਿਆਂ ਦੀ ਸਜ਼ਾ ਭੁਗਤੇਗਾ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਬੁਲਾਰੇ ਰਵੀਨਾ ਸ਼ਮਦਾਸਾਨੀ ਨੇ ਇਕ ਬਿਆਨ ਵਿੱਚ ਨਵਾਲਨੀ ਦੀ ਸਜ਼ਾ ਨੂੰ ਗੈਰ-ਵਾਜ਼ਬਿ ਕਰਾਰ ਦਿੱਤਾ। -ਰਾਇਟਰਜ਼