ਬਰੱਸਲਜ਼, 13 ਦਸੰਬਰ
ਯੂਰੋਪੀ ਯੂਨੀਅਨ ਨਾਲ ਸਬੰਧਤ ਕਈ ਮੁਲਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਵੱਲੋਂ ਪੇਈਚਿੰਗ ਸਰਦ ਰੁੱਤ ਓਲੰਪਿਕ ਖੇਡਾਂ ਦੇ ਦਿੱਤੇ ਸਫ਼ਾਰਤੀ ਬਾਈਕਾਟ ਦੇ ਸੱਦੇ ਨਾਲ ਜਾਣ ਦੀ ਕੋਈ ਇੱਛਾ ਨਹੀਂ ਹੈ। ਅਮਰੀਕਾ ਨੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹਵਾਲੇ ਨਾਲ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਖੇਡਾਂ ਦੇ ਸਫ਼ਾਰਤੀ ਬਾਈਕਾਟ ਦਾ ਸੱਦਾ ਦਿੱਤਾ ਸੀ। ਫਰਾਂਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਆਲਮੀ ਆਗੂਆਂ ਤੇ ਹੋਰ ਪਤਵੰਤਿਆਂ ਦੀ ਗੈਰਹਾਜ਼ਰੀ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣਾ ਮਗਰੋਂ ਯੂਰੋਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਵੱਲੋਂ ਇਸ ਮੁੱਦੇ ਨਾਲ ਨਜਿੱਠਣ ਲਈ ਸਾਂਝਾ ਮੰਚ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਆਸਟਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੈਲਨਬਰਗ ਨੇ ਕਿਹਾ, ‘‘ਸਰਦ ਰੁੱਤ ਓਲੰਪਿਕ ਜਿਹੇ ਖੇਡ ਸਮਾਗਮਾਂ ਦਾ ਸਿਆਸੀਕਰਨ ਕੀਤੇ ਜਾਣਾ ਮੈਨੂੰ ਫਾਇਦੇਮੰਦ ਨਹੀਂ ਲੱਗਦਾ।’’ ਜਰਮਨੀ ਦੇ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬੌਕ ਨੇ ਇਕ ਟੀਵੀ ਚੈਨਲ ਨੂੰ ਦੱਸਿਆ, ‘‘ਅਥਲੀਟ ਸਾਲਾਂਬੱਧੀ ਤਿਆਰੀ ਕਰਦੇ ਹਨ, ਕਈ ਵਾਰ ਤਾਂ ਆਪਣੀ ਅੱਧੀ ਜ਼ਿੰਦਗੀ ਲਾ ਦਿੰਦੇ ਹਨ। ਲਿਹਾਜ਼ਾ ਅਜਿਹੇ ਖੇਡ ਸਮਾਗਮਾਂ ਨੂੰ ਸਿਆਸੀ ਮੁਫ਼ਾਦਾਂ ਲਈ ਨਹੀਂ ਵਰਤਣਾ ਚਾਹੀਦਾ।’’ ਅਮਰੀਕਾ ਮਗਰੋਂ ਕੈਨੇਡਾ ਤੇ ਯੂਕੇ ਨੇ ਸਫ਼ਾਰਤੀ ਬਾਈਕਾਟ ਦੇ ਸੱਦੇ ’ਤੇ ਫੁੱਲ ਚੜ੍ਹਾਏ ਹਨ। ਯੂਰੋਪੀ ਯੂਨੀਅਨ ਵਿੱਚ ਸ਼ਾਮਲ 27 ਮੁਲਕਾਂ ਵੱਲੋਂ ਪੇਈਚਿੰਗ ਸਰਦ ਰੁੱਤ ਓਲੰਪਿਕ ਵਿੱਚ ਆਪੋ-ਆਪਣੀਆਂ ਟੀਮਾਂ ਭੇਜੀਆਂ ਜਾਣਗੀਆਂ। ਖੇਡਾਂ ਦਾ ਉਦਘਾਟਨੀ ਸਮਾਗਮ 4 ਫਰਵਰੀ ਨੂੰ ਹੋਵੇਗਾ। ਦੱਸ ਦੇਈਏ ਕਿ ਅਮਰੀਕਾ ਦੇ ਬਾਈਕਾਟ ਦੇ ਸੱਦੇ ਖਿਲਾਫ਼ ਚੀਨ ਉਸ ਨੂੰ ਪਹਿਲਾਂ ਹੀ ‘ਸਿੱਟੇ’ ਭੁਗਤਣ ਦੀ ਚੇਤਾਵਨੀ ਦੇ ਚੁੱਕਾ ਹੈ। -ਏਪੀ