ਕਾਠਮੰਡੂ, 13 ਜੁਲਾਈ
ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਅੱਜ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ’ਚ ਆਈਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ‘ਦਿ ਹਿਮਾਲੀਅਨ ਟਾਈਮਜ਼’ ਦੀ ਖ਼ਬਰ ਅਨੁਸਾਰ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੇ ਧਾਰਾ 76 (5) ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਹ ਪੰਜਵੀਂ ਵਾਰ ਹੈ ਜਦੋਂ ਦਿਓਬਾ (74) ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸੱਤਾ ’ਚ ਵਾਪਸੀ ਕੀਤੀ ਹੈ। ਉਨ੍ਹਾਂ ਦੀ ਨਿਯੁਕਤੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਸੁਣਾਏ ਗਏ ਫ਼ੈਸਲੇ ਅਨੁਸਾਰ ਕੀਤੀ ਗਈ ਹੈ।
ਖ਼ਬਰ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਫ਼ਤਰ ਨੇ ਦਿਓਬਾ ਨੂੰ ਉਨ੍ਹਾਂ ਦੀ ਨਿਯੁਕਤੀ ਬਾਰੇ ਸੂਚਿਤ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਹੁੰ ਚੁੱਕ ਸਮਾਗਮ ਕਦੋਂ ਹੋਵੇਗਾ ਕਿਉਂਕਿ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦਿਓਬਾ ਚਾਰ ਵਾਰ ਸਤੰਬਰ 1995 ਤੋਂ ਮਾਰਚ 1997, ਜੁਲਾਈ 2001 ਤੋਂ ਅਕਤੂਬਰ 2002, ਜੂਨ 2004 ਤੋਂ ਫਰਵਰੀ 2005 ਅਤੇ ਜੂਨ 2017 ਤੋਂ ਫਰਵਰੀ 2018 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਸੰਵਿਧਾਨਕ ਮੱਦ ਤਹਿਤ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਦਿਓਬਾ ਨੂੰ 30 ਦਿਨਾਂ ਅੰਦਰ ਸੰਸਦ ’ਚ ਭਰੋਸੇ ਦੀ ਵੋਟ ਹਾਸਲ ਕਰਨੀ ਪਵੇਗੀ। -ਪੀਟੀਆਈ
ਸੁਪਰੀਮ ਕੋਰਟ ਨੇ ਜਾਣਬੁੱਝ ਕੇ ਵਿਰੋਧੀ ਧਿਰਾਂ ਦੇ ਹੱਕ ’ਚ ਸੁਣਾਇਆ ਫ਼ੈਸਲਾ: ਓਲੀ
ਕਾਠਮੰਡੂ: ਨੇਪਾਲ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਏ ਕੇਪੀ ਸ਼ਰਮਾ ਓਲੀ ਨੇ ਅੱਜ ਅਦਾਲਤ ’ਤੇ ਜਾਣਬੁੱਝ ਕੇ ਵਿਰੋਧੀ ਪਾਰਟੀਆਂ ਦੇ ਪੱਖ ’ਚ ਫ਼ੈਸਲਾ ਸੁਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਦਾ ਦੇਸ਼ ’ਚ ਬਹੁ-ਪਾਰਟੀ ਸੰਸਦੀ ਪ੍ਰਣਾਲੀ ’ਤੇ ਲੰਮੇ ਸਮੇਂ ਦਾ ਪ੍ਰਭਾਵ ਪਵੇਗਾ। ਦੇਸ਼ ਨੂੰ ਸੰਬੋਧਨ ਕਰਦਿਆਂ 69 ਸਾਲਾ ਓਲੀ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਪਸੰਦ ਹੋਣ ਦੇ ਬਾਵਜੂਦ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਕਿਉਂਕਿ ਸੁਪਰੀਮ ਕੋਰਟ ਨੇ ਦਿਓਬਾ ਨੂੰ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ। -ਪੀਟੀਆਈ