ਢਾਕਾ, 28 ਅਪਰੈਲ
ਬੰਗਲਾਦੇਸ਼ ਦੀ ਖੁਲਨਾ ਡਿਵੀਜ਼ਨ ਵਿੱਚ ਹਿੰਦੂ ਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਨੇ ਫਿਰਕੂ ਸਦਭਾਵਨਾ ਦਾ ਰਾਹ ਦਿਖਾਉਂਦਿਆਂ ਇਕ ਦੂਜੇ ਦੇ ਧਰਮਾਂ ਨੂੰ ਦਾਨ ਵਿੱਚ ਮਸਜਿਦ ਤੇ ਸ਼ਮਸ਼ਾਨਘਾਟ ਲਈ ਜ਼ਮੀਨ ਦਿੱਤੀ ਹੈ। ਪ੍ਰਣਬ ਕੁਮਾਰ ਘੋਸ਼, ਜੋ ਬਾਗੇਰਹਾਟ ਜ਼ਿਲ੍ਹੇ ਦੇ ਫਕੀਰਹਾਟ ਅਜ਼ਹਰ ਅਲੀ ਡਿਗਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈ, ਨੇ ਮਸਜਿਦ ਦੀ ਉਸਾਰੀ ਲਈ ਜ਼ਮੀਨ ਦਾਨ ਕੀਤੀ ਹੈ। ਉਧਰ ਸਥਾਨਕ ਅਵਾਮੀ ਲੀਗ ਆਗੂ ਸ਼ੇਖ਼ ਮਿਜ਼ਾਨੁਰ ਰਹਿਮਾਨ ਨੇ ਆਪਣੇ ਮੁਹੱਲੇ ਵਿੱਚ ਫਿਰਕੂ ਸਦਭਾਵਨਾ ਦੇ ਪ੍ਰਚਾਰ ਪਾਸਾਰ ਲਈ ਹਿੰਦੂਆਂ ਨੂੰ ਸ਼ਮਸ਼ਾਨਘਾਟ ਲਈ ਆਪਣੀ ਜ਼ਮੀਨ ਦਾ ਇਕ ਟੁਕੜਾ ਦਿੱਤਾ ਹੈ।
ਬੰਗਲਾਦੇਸ਼ ਦੀ ਬੀਡੀਨਿਊਜ਼24 ਡਾਟ ਕਾਮ ਦੀ ਰਿਪੋਰਟ ਮੁਤਾਬਕ ਘੋਸ਼ ਕੋਲ ਫ਼ਕੀਰਹਾਟ ਵਿੱਚ ਕਾਫ਼ੀ ਜ਼ਮੀਨ ਹੈ। ਇਲਾਕੇ ਵਿੱਚ ਕੋਈ ਮਸਜਿਦ ਨਾ ਹੋਣ ਕਰਕੇ ਸਥਾਨਕ ਲੋਕਾਂ ਨੇ ਮਸਜਿਦ ਦੀ ਉਸਾਰੀ ਲਈ ਘੋਸ਼ ਕੋਲੋਂ ਮਦਦ ਮੰਗੀ ਸੀ। ਸ਼ੁਰੂਆਤ ਵਿੱਚ ਇਲਾਕੇ ਵਿੱਚ ਨਮਾਜ਼ ਅਦਾ ਕਰਨ ਲਈ ਛੋਟਾ ਜਿਹਾ ਘਰ ਸੀ, ਮਗਰੋਂ 40 ਏਕੜ ਦੇ ਕਰੀਬ ਥਾਂ ’ਤੇ ਦੋ ਮੰਜ਼ਿਲਾ ਇਮਾਰਤ ਦੀ ਉਸਾਰੀ ਕੀਤੀ ਗਈ। ਮਸਜਿਦ ’ਚ ਕੰਮ ਕਰਦੇ ਗੌਸ ਸ਼ੇਖ ਨੇ ਕਿਹਾ ਕਿ ਘੋਸ਼ ਨੇ ‘ਨਾ ਸਿਰਫ਼ ਸਾਨੂੰ ਜ਼ਮੀਨ ਦਿੱਤੀ’, ਸਗੋਂ ਉਹ ਸਾਡੇ ਸੱਦੇ ’ਤੇ ਮਸਜਿਦ ਵਿੱਚ ਆਉਂਦਾ ਤੇ ਸਾਡੇ ਨਾਲ ਬੈਠ ਕੇ ਖਾਂਦਾ ਵੀ ਹੈ। ਉਧਰ ਸ਼ੇਖ ਮਿਜ਼ਾਨੁਰ ਰਹਿਮਾਨ, ਜਿਸ ਕੋਲ ਭੈਰਬ ਨਦੀ ਕੰਢੇ ਸਨਾਤਨ ਧਰਮ ਸ਼ਮਸ਼ਾਨਘਾਟ ਨੇੜੇ ਜ਼ਮੀਨ ਦਾ ਟੁਕੜਾ ਸੀ, ਨੇ ਨਵੇਂ ਸ਼ਮਸ਼ਾਨਘਾਟ ਦੀ ਉਸਾਰੀ ਲਈ ਆਪਣੀ ਜ਼ਮੀਨ ਦਿੱਤੀ। -ਪੀਟੀਆਈ