ਟ੍ਰਿਬਿਊਨ ਨਿਊਜ਼ ਸਰਵਿਸ
ਟੋਰਾਂਟੋ, 28 ਦਸੰਬਰ
ਅੱਜ ਟੋਰਾਂਟੋ ਸਥਿਤ ਭਾਰਤੀ ਦੂਤਾਵਾਦ ਦੇ ਸਾਹਮਣੇ ਕੈਨੇਡੀਅਨ ਭਾਰਤੀਆਂ ਨੇ ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਰੋਸ ਵਿਖਾਵਾ ਕੀਤਾ। ਭਾਰਤੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟੋਰਾਂਟੋ ਦੀਆਂ 14 ਅਗਾਂਹਵਧੂ ਜਥੇਬੰਦੀਆਂ ਵਾਲੀ ‘ਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ’ ਦੇ ਸੱਦੇ ’ਤੇ ਇਹ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਤੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਇਸ ਮੌਕੇ ਕਾਰ ਰੈਲੀ ਵੀ ਕੱਢੀ ਗਈ। ਬੀਤੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਕੜਾਕੇ ਦੀ ਠੰਢ ’ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਸਰਕਾਰੀ ਕਾਰਵਾਈ ਦੀ ਨਿਖੇਧੀ ਕੀਤੀ ਗਈ।
ਬੁਲਾਰਿਆਂ ਨੇ ਭਾਰਤ ਸਰਕਾਰ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਅਪਣਾਏ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਨਿਦਾ ਕੀਤੀ।
ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਦਿਆਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ। ਬੁਲਾਰਿਆਂ ਨੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ। ਇਸ ਦੌਰਾਨ ਕਰੋਨਾ ਪਾਬੰਦੀਆਂ ਦੀ ਪਾਲਣਾ ਕੀਤੀ ਗਈ। ਆਪਣੀਆਂ ਕਾਰਾਂ ’ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਾਲੇ ਝੰਡੇ, ਬੈਨਰ ਤੇ ਸਟਿੱਕਰ ਲਗਾ ਕੇ ਲੋਕ ਭਾਰਤੀ ਸਫਾਰਤਖਾਨੇ ਦੀ ਇਮਾਰਤ ਸਾਹਮਣਿਓਂ ਲੰਘਦੇ ਰਹੇ। ਇਸ ਮੌਕੇ ਭਾਰਤ ਸਰਕਾਰ ਨੂੰ ਭੇਜਣ ਲਈ ਜਥੇਬੰਦੀਆਂ ਵੱਲੋਂ ਸਫਾਰਤਖਾਨੇ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਇਸ ਰੋਸ ਵਿਖਾਵੇ ਵਿੱਚ ‘ਅਲਾਇੰਸ ਆਫ ਪ੍ਰੋਗਰੈੱਸਿਵ ਕੈਨੇਡੀਅਨਜ਼’, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ, ‘ਦੇਸ਼ ਭਗਤ ਸਪੋਰਟਸ ਕਲੱਬ’, ‘ਦਿਸ਼ਾ-ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵਿਮੈੱਨ’, ‘ਜੀਟੀਏ ਵੈਸਟ ਕਲੱਬ ਕਮਿਊਨਿਸਟ ਪਾਰਟੀ ਆਫ ਕੈਨੇਡਾ’, ‘ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’, ‘ਐੱਮਐੱਲ ਪਾਰਟੀ ਆਫ ਕੈਨੇਡਾ’, ‘ਨਾਰਥ-ਅਮਰੀਕਨ ਤਰਕਸ਼ੀਲ ਸੁਸਾਇਟੀ’, ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਆਦਿ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।
ਇਸੇ ਤਰ੍ਹਾਂ ਬਰੈਂਪਟਨ ਸ਼ਾਪਰਜ਼ ਵਰਲਡ ਦੇ ਮੁੱਖ ਚੌਰਾਹੇ ’ਤੇ ਤਿੰਨ ਕੁ ਸੌ ਦੇ ਕਰੀਬ ਲੋਕਾਂ ਨੇ ਕਿਸਾਨ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ ਕੀਤਾ।