ਤਾਇਪੈ, 3 ਮਈ
ਰੂਸ ਆਪਣੇ ਵੈਕਸੀਨ ‘ਸਪੂਤਨਿਕ’ ਦੇ ਉਤਪਾਦਨ ਲਈ ਚੀਨ ਦੀ ਮਦਦ ਲੈਣ ਦੀ ਤਿਆਰੀ ਕਰ ਰਿਹਾ ਹੈ। ਮੁਲਕ ਵਿਚ ਤੇ ਦੇਸ਼ ਤੋਂ ਬਾਹਰ ਟੀਕੇ ਦੀ ਮੰਗ ਵਧੀ ਹੈ ਤੇ ਉਤਪਾਦਨ ਉਸ ਰਫ਼ਤਾਰ ਨਾਲ ਨਹੀਂ ਹੋ ਰਿਹਾ ਹੈ। ਇਸ ਲਈ ਰੂਸ ਨੇ ਹੁਣ ਕਈ ਚੀਨੀ ਫਰਮਾਂ ਨਾਲ ਸੰਪਰਕ ਕੀਤਾ ਹੈ। ਰੂਸ ਤਿੰਨ ਕੰਪਨੀਆਂ ਨਾਲ 25 ਕਰੋੜ ਤੋਂ ਵੱਧ ਵੈਕਸੀਨ ਬਣਾਉਣ ਲਈ ਸਮਝੌਤਾ ਕਰੇਗਾ। ਇਸ ਵੈਕਸੀਨ ਨਾਲ ਲਾਤੀਨੀ ਅਮਰੀਕੀ, ਮੱਧ ਪੂਰਬ ਤੇ ਅਫ਼ਰੀਕੀ ਦੇਸ਼ਾਂ ਦੀ ਮਦਦ ਕੀਤੀ ਜਾਵੇਗੀ। ਇਨ੍ਹਾਂ ਮੁਲਕਾਂ ਨੇ ਰੂਸ ਤੋਂ ਵੈਕਸੀਨ ਮੰਗਿਆ ਹੈ। ਦੱਸਣਯੋਗ ਹੈ ਕਿ ਇਕ ਉੱਘੇ ਬਰਤਾਨਵੀ ਮੈਡੀਕਲ ਜਰਨਲ ਵਿਚ ਰੂਸੀ ਟੀਕੇ ਨੂੰ ਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੱਸਿਆ ਕਿ ਸਪੂਤਨਿਕ ਦੀ ਮੰਗ ਰੂਸ ਦੀ ਘਰੇਲੂ ਉਤਪਾਦਨ ਸਮਰੱਥਾ ਨਾਲੋਂ ਕਿਤੇ ਵੱਧ ਗਈ ਹੈ। ਉਤਪਾਦਨ ਵਧਾਉਣ ਲਈ ਰੂਸੀ ਡਾਇਰੈਕਟ ਨਿਵੇਸ਼ ਫੰਡ ਨੇ ਭਾਰਤ, ਦੱਖਣੀ ਕੋਰੀਆ, ਬ੍ਰਾਜ਼ੀਲ, ਸਰਬੀਆ, ਤੁਰਕੀ, ਇਟਲੀ ਤੇ ਹੋਰਾਂ ਦੇਸ਼ਾਂ ਦੀਆਂ ਦਵਾ ਨਿਰਮਾਣ ਕੰਪਨੀਆਂ ਨਾਲ ਸਮਝੌਤੇ ਸਹੀਬੱਧ ਕੀਤੇ ਹਨ। ਲੰਡਨ ਅਧਾਰਿਤ ਕੰਪਨੀ ‘ਏਅਰਫਿਨਿਟੀ’ ਦਾ ਕਹਿਣਾ ਹੈ ਕਿ ਰੂਸ 100 ਮੁਲਕਾਂ ਨੂੰ ਸਪੂਤਨਿਕ ਸਪਲਾਈ ਕਰ ਸਕਦਾ ਹੈ। -ਏਪੀ