ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਅਕਤੂਬਰ
ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਦੀ ਮਾਲਕੀ ਟਾਟਾ ਗਰੁੱਪ ਕੋਲ ਜਾਣ ਨਾਲ ਕੈਨੇਡੀਅਨ ਪੰਜਾਬੀਆਂ ਦੇ ਮਨਾਂ ਵਿੱਚ ਉਮੀਦ ਜਾਗੀ ਹੈ ਕਿ ਨਵੇਂ ਮਾਲਕ ਕੈਨੇਡਾ ਤੇ ਅਮਰੀਕਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਜ਼ਰੂਰ ਚਲਾਉਣਗੇ। ਏਅਰ ਕੈਨੇਡਾ ਕਈ ਸਾਲਾਂ ਤੋਂ ਟਰਾਂਟੋ ਅਤੇ ਵੈਨਕੂਵਰ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਚਲਾ ਰਹੀ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਹਵਾਈ ਟਿਕਟਾਂ ਦੇ ਕਾਰੋਬਾਰੀਆਂ ਤੋਂ ਪਤਾ ਲਗਾ ਕਿ ਕੈਨੇਡਾ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਵਿੱਚ 80-85 ਫ਼ੀਸਦ ਯਾਤਰੀ ਪੰਜਾਬ ਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਵੈਨਕੂਵਰ ਤੋਂ ਦਿੱਲੀ ਸਿੱਧੀ ਉਡਾਣ ’ਤੇ ਏਅਰ ਕੈਨੇਡਾ ਦਾ ਏਕਾਧਿਕਾਰ ਹੋਣ ਕਾਰਨ ਉਸ ਦਾ ਕਿਰਾਇਆ ਅਕਸਰ ਆਮ ਤੋਂ ਜ਼ਿਆਦਾ ਹੁੰਦਾ ਹੈ, ਤਾਂ ਵੀ ਉਸ ਦੇ ਜਹਾਜ਼ ਭਰੇ ਹੀ ਆਉਂਦੇ ਜਾਂਦੇ ਹਨ। ਟਰੈਵਲ ਕੰਪਨੀਆਂ ਦਾ ਮੰਨਣਾ ਹੈ ਕਿ ਟਾਟਾ ਗਰੁੱਪ ਪੰਜਾਬੀਆਂ ਦੇ ਮਨ ਜਿੱਤਣ ਦੇ ਯਤਨ ਜ਼ਰੂਰ ਕਰੇਗਾ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਸਹਿ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੰਪਨੀ ਦਾ ਸੰਚਾਲਨ ਮਿਲਣ ਮਗਰੋਂ ਟਾਟਾ ਗਰੁੱਪ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਦੇ ਮਾਮਲੇ ਬਾਰੇ ਗੌਰ ਕਰੇਗਾ।