ਵੈਨਕੂਵਰ, (ਗੁਰਮਲਕੀਅਤ ਸਿੰਘ ਕਾਹਲੋਂ ): ਇਥੋਂ ਦੇ ਸੰਗਠਨ ਇੰਡੀਅਨ ਅਬਰੌਡ ਫਾਰ ਪਲੂਰਿਸਟ ਦੇ ਮੈਂਬਰਾਂ ਵੱਲੋਂ ਅੱਜ ਇਕ ਸਮਾਗਮ ਦੌਰਾਨ ਸ਼ਹਿਰ ਡੈਲਟਾ ਤੋਂ ਵਿਧਾਇਕ ਰਵੀ ਕਾਹਲੋਂ ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਜੋਂ ‘ਹਿੰਮਤੀ ਤਮਗੇ’ ਨਾਲ ਨਿਵਾਜਿਆ ਗਿਆ। ਸਮਾਜਿਕ ਨਿਆਂ ਤੇ ਇਕਸਾਰਤਾ ਦੀ ਪੈਰਵੀ ਲਈ ਤੱਤਪਰ ਰਵੀ ਕਾਹਲੋਂ ਨੇ ਬੀਤੇ ਦਿਨੀਂ ਆਪਣੇ ਹਲਕੇ ਦੇ ਲੋਕਾਂ ਵੱਲੋਂ ਸੰਯੁਕਤ ਰਾਸ਼ਟਰ ਸੰਗਠਨ ਨੂੰ ਪੱਤਰ ਲਿਖ ਕੇ ਭਾਰਤੀ ਕਸ਼ਮੀਰ ’ਚ ਲੋਕਾਂ ਨਾਲ ਕੀਤੇ ਜਾ ਰਹੇ ਅਨਿਆਂ ਵੱਲ ਧਿਆਨ ਦਿਵਾਉਂਦਿਆਂ ਮਸਲੇ ਦੇ ਹੱਲ ਲਈ ਦਖਲ ਦੀ ਮੰਗ ਕੀਤੀ ਸੀ। ਸੰਗਠਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਰਵੀ ਕਾਹਲੋਂ ਸੰਯੁਕਤ ਰਾਸ਼ਟਰ ਦਾ ਜਵਾਬ ਉਡੀਕਦਿਆਂ ਦੂਜੀ ਵਾਰ ਇਹ ਚਿੱਠੀ ਲਿਖ ਰਹੇ ਹਨ। ਇਸ ਮੌਕੇ ਸੰਗਠਨ ਦੇ ਸਾਰੇ ਮੈਂਬਰਾਂ ਸਮੇਤ ਕਸ਼ਮੀਰੀ ਲੋਕਾਂ ਨਾਲ ਹਮਦਰਦੀ ਰੱਖਣ ਵਾਲੇ ਕਈ ਸ਼ਹਿਰੀ ਵੀ ਹਾਜ਼ਰ ਸਨ।