ਸੰਯੁਕਤ ਰਾਸ਼ਟਰ/ਜਨੇਵਾ, 13 ਜੁਲਾਈ
ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰੋਸ ਅਧਾਨੋਮ ਗੈਬ੍ਰੇਯੇਸਿਸ ਨੇ ਕਿਹਾ ਕਿ ਕੋਵਿਡ-19 ਦਾ ਨਵਾਂ ਰੂਪ ‘ਡੈਲਟਾ’ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਚੌਕਸ ਕੀਤਾ ਕਿ ਡੈਲਟਾ ਰੂਪ ਜੋ 104 ਦੇਸ਼ਾਂ ਤੱਕ ਪਹੁੰਚ ਗਿਆ ਹੈ, ਇਸ ਦੇ ਜਲਦੀ ਹੀ ਪੂਰੀ ਦੁਨੀਆ ’ਚ ਕਰੋਨਾਵਾਇਰਸ ਦਾ ਸਭ ਤੋਂ ਖ਼ਤਰਨਾਕ ਰੂਪ ਬਣ ਜਾਣ ਦਾ ਖਦਸ਼ਾ ਹੈ।
ਉਨ੍ਹਾਂ ਕਿਹਾ ਕਿ ਪਿਛਲਾ ਹਫ਼ਤਾ ਅਜਿਹਾ ਚੌਥਾ ਹਫ਼ਤਾ ਸੀ ਜਦੋਂ ਦੁਨੀਆ ਭਰ ’ਚ ਕੋਵਿਡ-19 ਦੇ ਕੇਸ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਸਿਹਤ ਸੰਸਥਾ ਦੇ ਛੇ ਖੇਤਰਾਂ ’ਚੋਂ ਇੱਕ ਨੂੰ ਛੱਡ ਕੇ ਹੋਰ ਸਾਰਿਆਂ ’ਚ ਕੇਸ ਵਧੇ ਹਨ। ਉਨ੍ਹਾਂ ਕਿਹਾ ਕਿ 10 ਹਫ਼ਤਿਆਂ ਤੱਕ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲੇ ਵਧਣ ਨਾਲ ਚਿੰਤਾ ਵਧ ਗਈ ਹੈ। ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਨੇ ਕਿਹਾ, ‘ਨਵਾਂ ਰੂਪ ਡੈਲਟਾ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਲਾਗ ਦੇ ਮਾਮਲੇ ਤੇ ਉਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਡੈਲਟਾ ਹੁਣ ਤੱਕ 104 ਦੇਸ਼ਾਂ ’ਚ ਫੈਲ ਚੁੱਕਾ ਹੈ ਅਤੇ ਇਸ ਦੇ ਜਲਦੀ ਹੀ ਦੁਨੀਆ ’ਚ ਸਭ ਤੋਂ ਖਤਰਨਾਕ ਰੂਪ ਬਣ ਜਾਣ ਦਾ ਖਦਸ਼ਾ ਹੈ।’ -ਪੀਟੀਆਈ
ਕੋਵਿਡ ਵੈਕਸੀਨਾਂ ਨੂੰ ‘ਮਿਕਸ ਤੇ ਮੈਚ’ ਕਰਨ ਖਿਲਾਫ਼ ਚਿਤਾਵਨੀ
ਜਨੇਵਾ: ਆਲਮੀ ਸਿਹਤ ਸੰਸਥਾ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਵੱਖ ਵੱਖ ਨਿਰਮਾਤਾਵਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨਾਂ ਨੂੰ ‘ਮਿਕਸ ਤੇ ਮੈਚ’ ਨਾ ਕਰਨ ਦੀ ਸਲਾਹ ਦਿੱਤੀ ਹੈ। ਸਵਾਮੀਨਾਥਨ ਨੇ ਕਿਹਾ ਕਿ ਇਹ ‘ਖ਼ਤਰਨਾਕ ਰੁਝਾਨ’ ਸਾਬਤ ਹੋ ਸਕਦਾ ਹੈ। ਵਰਚੁਅਲੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਵਾਮੀਨਾਥਨ ਨੇ ਕਿਹਾ, ‘‘ਇਹ ਖ਼ਤਰਨਕਾਕ ਰੁਝਾਨ ਹੈ। ਜੇ ਦੇਸ਼ ਦੇ ਨਾਗਰਿਕ ਹੀ ਇਹ ਫੈਸਲਾ ਲੈਣ ਲੱਗਣ ਕਿ ਕਦੋਂ ਤੇ ਕੌਣ ਦੂਜੀ, ਤੀਜੀ ਤੇ ਚੌਥੀ ਖੁਰਾਕ ਲਏਗਾ ਤਾਂ ਇਸ ਨਾਲ ਘੜਮੱਸ ਵਾਲੇ ਹਾਲਾਤ ਪੈਦਾ ਹੋਣਗੇ।’’ ਆਲਮੀ ਸੰਸਥਾ ਦੇ ਵੈਕਸੀਨਾਂ ਬਾਰੇ ਮਾਹਿਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਨੇ ਜੂਨ ਵਿੱਚ ਕਿਹਾ ਸੀ ਕਿ ਜੇਕਰ ਕਿਸੇ ਵਿਅਕਤੀ ਨੇ ਐਸਟਰਾਜ਼ੈਨੇਕਾ ਦੀ ਪਹਿਲੀ ਖੁਰਾਕ ਲਈ ਹੈ ਤੇ ਇਸ ਵੈਕਸੀਨ ਦੀ ਦੂਜੀ ਖੁਰਾਕ ਉਪਲੱਬਧ ਨਹੀਂ ਹੈ ਤਾਂ ਫਾਈਜ਼ਰ ਵੱਲੋਂ ਤਿਆਰ ਕੋਵਿਡ-19 ਵੈਕਸੀਨ ਨੂੰ ਦੂਜੀ ਖੁਰਾਕ ਵਜੋਂ ਲਿਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਸੀ ਕਿ ਦੋ ਵੈਕਸੀਨਾਂ(ਐਸਟਰਾਜ਼ੈਨੇਕਾ ਤੇ ਫਾਈਜ਼ਰ) ਨੂੰ ਮਿਕਸ ਕਰਨ ਨਾਲ ਸਬੰਧਤ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਟਰਾਇਲਾਂ ਦੇ ਨਤੀਜਿਆਂ ਦੀ ਉਡੀਕ ਹੈ। ਮੌਡਰਨਾ ਤੇ ਨੋਵੋਵੈਕਸ ਵੈਕਸੀਨਾਂ ਨੂੰ ਮਿਕਸ ਕਰਕੇ ਲਾਉਣ ਦੇ ਟਰਾਇਲ ਵੀ ਜਾਰੀ ਹਨ। -ਰਾਇਟਰਜ਼