ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਮੁਲਕਾਂ ਦੇ ਮੁਖੀਆਂ ਦੀ ਭਾਰਤ ਦੀ ਮੇਜ਼ਬਾਨੀ ਵਿੱਚ ਹੋਈ ਵਰਚੁਅਲ ਮੀਟਿੰਗ ਨਾਲ ਆਲਮੀ ਆਗੂਆਂ ’ਚ ‘ਕਈ ਸਕਾਰਾਤਮਕ ਸੰਕੇਤ’ ਗਏ ਹਨ ਕਿ ਉਹ ਕਈ ਮੁੱਦਿਆਂ ’ਤੇ ਇਕਮੱਤ ਹਨ। ਅੱਠ ਮੈਂਬਰ ਮੁਲਕਾਂ ਦੀ ਸ਼ਮੂਲੀਅਤ ਵਾਲੇ ਇਸ ਸੰਗਠਨ ਦੀ ਸੋਮਵਾਰ ਨੂੰ ਹੋਈ ਵਰਚੁਅਲ ਮੀਟਿੰਗ ਵਿੱਚ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਵੀ ਸ਼ਿਰਕਤ ਕੀਤੀ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੂੰ ਜਦੋਂ ਪੁੱਛਿਆ ਕਿ ਚੀਨ ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦੀ ਇਸ ਮੀਟਿੰਗ ਦੇ ਸਿੱਟਿਆਂ ਨੂੰ ਕਿਵੇਂ ਵੇਖਦਾ ਹੈ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕੋਵਿਡ-19 ਦੇ ਟਾਕਰੇ ਸਮੇਤ ਵਣਜ, ਨਿਵੇਸ਼ ਤੇ ਸਭਿਆਚਾਰ ਨਾਲ ਜੁੜੇ ਸੈਕਟਰਾਂ ਵਿੱਚ ਸਹਿਯੋਗ ਵਧਾਉਣ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਹੋਈ। ਮੀਟਿੰਗ ਦਾ ਮੁੱਖ ਏਜੰਡਾ ਹਾਲ ਹੀ ਵਿੱਚ ਸੰਪੰਨ ਹੋਈ ਐਸਸੀਓ ਸਿਖਰ ਵਾਰਤਾ ਵਿੱਚ ਨਿਕਲੇ ਸਿੱਟਿਆਂ ਨੂੰ ਲਾਗੂ ਕਰਨਾ ਸੀ। ਰੂਸ ਦੀ ਮੇਜ਼ਬਾਨੀ ਵਿੱਚ ਹੋਈ ਇਸ ਵਰਚੁਅਲ ਸਿਖਰ ਵਾਰਤਾ ਵਿੱਚ ਚੀਨੀ ਸਦਰ ਸ਼ੀ ਜਿਨਪਿੰਗ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ।
-ਪੀਟੀਆਈ