ਹਰਜੀਤ ਲਸਾੜਾ
ਬ੍ਰਿਸਬਨ, 19 ਜੂਨ
ਇੱਥੋਂ ਦੇ ਵਿੱਦਿਅਕ ਮਾਹਿਰਾਂ ਅਨੁਸਾਰ ਆਸਟਰੇਲੀਆ ਦੀਆਂ ’ਵਰਸਿਟੀਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਉਮੀਦ ਨਾਲੋਂ ਘੱਟ ਹੈ ਪਰ ਉਹ ਆਸਵੰਦ ਹਨ ਕਿ ਆਸਟਰੇਲੀਆ ਦਾ ਸਿੱਖਿਆ ਖੇਤਰ ਇਸ ਸਾਲ ਦੇ ਅੰਤ ਤੱਕ ਮੁੜ ਲੀਹ ’ਤੇ ਆ ਜਾਵੇਗਾ। ਹੁਨਰ ਅਤੇ ਰੁਜ਼ਗਾਰ ਵਿਭਾਗ ਅਨੁਸਾਰ ਮਾਰਚ 2022 ਤੋਂ ਵਿਦਿਆਰਥੀਆਂ ਦੇ ਆਉਣ ਦੀ ਸ਼ੁਰੂਆਤੀ ਗਿਣਤੀ 123,900 ਸੀ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ ਦੋ ਫ਼ੀਸਦੀ ਵੱਧ ਹੈ। ਦੱਸਣਯੋਗ ਹੈ ਕਿ ਜਨਵਰੀ 2022 ਦੌਰਾਨ ਸਖ਼ਤ ਵੀਜ਼ਾ ਪਾਬੰਦੀਆਂ ਕਾਰਨ ਪਾੜ੍ਹਿਆਂ ਨੂੰ ਵੀਜ਼ਿਆਂ ਲਈ ਲੰਬੀ ਉਡੀਕ ਕਰਨ ਪਈ ਅਤੇ ਹੁਣ ਬਹੁਤ ਸਾਰੇ ਵੀਜ਼ੇ ਮਨਜ਼ੂਰ ਨਹੀਂ ਹੋ ਰਹੇ ਹਨ। ਡੀਈਐੱਸਈ ਅਨੁਸਾਰ ਮਾਰਚ 2022 ਵਿੱਚ 440,129 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 15 ਫ਼ੀਸਦੀ ਘੱਟ ਹੈ। ਐਸੋਸੀਏਸ਼ਨ ਆਫ ਆਸਟਰੇਲੀਅਨ ਐਜੂਕੇਸ਼ਨ ਰਿਪਰਜ਼ੈਂਟੇਟਿਵਜ਼ ਇਨ ਇੰਡੀਆ (ਏਏਈਆਰਆਈ) ਦੇ ਪ੍ਰਧਾਨ ਰਵੀ ਲੋਚਨ ਸਿੰਘ ਨੇ ਦੱਸਿਆ ਕਿ 2022 ਦੇ ਪਹਿਲੇ ਦਾਖ਼ਲੇ ਵਿੱਚ ਮੁੱਖ ਤੌਰ ’ਤੇ ਉਹ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਕੋਲ ਪਹਿਲਾਂ ਹੀ ਵੀਜ਼ਾ ਸੀ, ਉਹ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ ਕੋਵਿਡ-19 ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਸਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸੁਧਾਰ ਹੋ ਰਿਹਾ ਹੈ ਪਰ ਪ੍ਰਾਈਵੇਟ ਆਰਟੀਓ (ਰਜਿਸਟਰਡ ਸਿਖਲਾਈ ਸੰਸਥਾਵਾਂ) ਦੇ ਦਾਖ਼ਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।