ਹਨੋਈ, 7 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਰੋਜ਼ਾ ਫੇਰੀ ਲਈ ਵੀਅਤਨਾਮ ਪੁੱਜ ਗਏ ਹਨ। ਭਾਰਤ ਦੇ ਰਾਜਦੂਤ ਪ੍ਰਣਯ ਵਰਮਾ ਤੇ ਵੀਅਤਨਾਮ ਦੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਰਾਜਨਾਥ ਸਿੰਘ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਿੰਘ ਦੀ 8 ਤੋਂ 10 ਜੂਨ ਦੀ ਵੀਅਤਨਾਮ ਫੇਰੀ ਦਾ ਮੁੱਖ ਮੰਤਵ ਦੁਵੱਲੇ ਰੱਖਿਆ ਰਿਸ਼ਤਿਆਂ ਦੇ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਵੀਅਤਨਾਮ ਦੇ ਆਪਣੇ ਹਮਰੁਤਬਾ ਜਨਰਲ ਫੈਨ ਵੈਨ ਗਿਆਂਗ ਨਾਲ ਵਿਆਪਕ ਵਿਚਾਰ ਚਰਚਾ ਕਰਨਗੇ ਤੇ ਇਸ ਮੌਕੇ ਰੱਖਿਆ ਦੇ ਖੇਤਰ ’ਚ ਮੇਲ-ਜੋਲ ਨੂੰ ਹੋਰ ਮਜ਼ਬੂਤ ਕਰਨ ਦੀਆਂ ਨਵੀਆਂ ਪਹਿਲਕਦਮੀਆਂ ਤੋਂ ਇਲਾਵਾ ਸਾਂਝੇ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਧਿਆਨ ਕੇਂਦਰਤ ਰਹੇਗਾ। ਫੇਰੀ ਦੌਰਾਨ ਸਿੰਘ ਵੀਅਤਨਾਮ ਦੇ ਰਾਸ਼ਟਰਪਤੀ ਐਨ.ਸ਼ੁਆਨ ਫੁਕ ਤੇ ਪ੍ਰਧਾਨ ਮੰਤਰੀ ਫਾਮ ਮਿਨ ਚਿਨ ਨੂੰ ਵੀ ਮਿਲਣਗੇ। -ਪੀਟੀਆਈ