ਕਾਹਿਰਾ, 20 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਸਰ ਦੇ ਰੱਖਿਆ ਮੰਤਰੀ ਮੁਹੰਮਦ ਜ਼ਾਕੀ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਇਸੇ ਦੌਰਾਨ ਮਿਸਰ ਤੇ ਭਾਰਤ ਨੇ ਦੁਵੱਲਾ ਰੱਖਿਆ ਸਹਿਯੋਗ ਵਧਾਉਣ ਲਈ ਇੱਕ ਸਮਝੌਤਾ ਵੀ ਸਹੀਬੱਧ ਕੀਤਾ। ਰਾਜਨਾਥ ਸਿੰਘ ਲੰਘੇ ਐਤਵਾਰ ਰਣਨੀਤਕ ਤੌਰ ’ਤੇ ਅਹਿਮ ਇਸ ਅਰਬ ਮੁਲਕ ਦੇ ਤਿੰਨ ਰੋਜ਼ਾ ਦੌਰੇ ’ਤੇ ਪਹੁੰਚੇ ਸਨ।
ਰੱਖਿਆ ਮੰਤਰੀ ਨੇ ਮੀਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘ਮਿਸਰ ਦੇ ਰੱਖਿਆ ਮੰਤਰੀ ਜਨਰਲ ਮੁਹੰਮਦ ਜ਼ਾਕੀ ਨਾਲ ਕਾਹਿਰਾ ’ਚ ਸ਼ਾਨਦਾਰ ਮੁਲਾਕਾਤ ਹੋਈ। ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਵਧਾਉਣ ਲਈ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।’ ਰੱਖਿਆ ਮੰਤਰਾਲੇ ਨੇ ਮੀਟਿੰਗ ਤੋਂ ਬਾਅਦ ਜਾਰੀ ਬਿਆਨ ’ਚ ਕਿਹਾ ਕਿ ਦੋਵਾਂ ਧਿਰਾਂ ਨੇ ਰੱਖਿਆ ਸਬੰਧ ਮਜ਼ਬੂਤ ਬਣਾਉਣ ਦੇ ਕਦਮਾਂ ’ਤੇ ਚਰਚਾ ਕੀਤੀ ਅਤੇ ਸਾਂਝੇ ਅਭਿਆਸ, ਸਿਖਲਾਈ ਲਈ ਜਵਾਨਾਂ ਨੂੰ ਇੱਕ-ਦੂਜੇ ਦੇ ਮੁਲਕ ਭੇਜਣ ਤੇ ਅਤਿਵਾਦ ਵਿਰੋਧੀ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਸਬੰਧ ’ਚ ਆਮ ਸਹਿਮਤੀ ਬਣੀ। ਦੋਵੇਂ ਮੰਤਰੀ ਸਮਾਂਬੱਧ ਢੰਗ ਨਾਲ ਭਾਰਤ ਤੇ ਮਿਸਰ ਦੀਆਂ ਰੱਖਿਆ ਸਨਅਤਾਂ ਵਿਚਾਲੇ ਸਹਿਯੋਗ ਵਧਾਉਣ ਦੀਆਂ ਤਜਵੀਜ਼ਾਂ ਦੀ ਪਛਾਣ ਕਰਨ ’ਤੇ ਵੀ ਰਾਜ਼ੀ ਹੋਏ। ਉਨ੍ਹਾਂ ਖੇਤਰੀ ਸੁਰੱਖਿਆ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਦੁਨੀਆ ’ਚ ਅਮਨ ਤੇ ਸਥਿਰਤਾ ਲਈ ਭਾਰਤ ਤੇ ਮਿਸਰ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਦੋਵਾਂ ਮੰਤਰੀਆਂ ਨੇ ਰੱਖਿਆ ਮੰਤਰੀਆਂ ਨੇ ਸਮਝੌਤਾ ਵੀ ਸਹੀਬੱਧ ਕੀਤਾ ਹੈ। -ਪੀਟੀਆਈ