ਲੰਡਨ, 20 ਅਪਰੈਲ
ਬਰਤਾਨੀਆ ਦੇ ਇੱਕ ਜੱਜ ਨੇ ਅੱਜ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਜੂਲੀਅਨ ਅਸਾਂਜ ਨੂੰ ਅਮਰੀਕਾ ਹਵਾਲੇ ਕਰਨ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੇਸ ਹੁਣ ਫ਼ੈਸਲੇ ਲਈ ਬਰਤਾਨੀਆ ਦੀ ਗ੍ਰਹਿ ਮੰਤਰੀ ਕੋਲ ਜਾਵੇਗਾ ਅਤੇ ਵਿਕੀਲੀਕਸ ਦੇ ਸੰਸਥਾਪਕ ਕੋਲ ਹਾਲੇ ਵੀ ਅਪੀਲ ਕਰਨ ਦੇ ਕਾਨੂੰਨੀ ਬਦਲ ਮੌਜੂਦ ਹਨ। ਯੂਕੇ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਮਹੀਨੇ ਅਸਾਂਜ ਨੂੰ ਇੱਕ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਇਹ ਫ਼ੈਸਲਾ ਆਇਆ ਹੈ। ਇਹ ਹੁਕਮ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਸੰਖੇਪ ਸੁਣਵਾਈ ਦੌਰਾਨ ਇੱਕ ਜੱਜ ਵੱਲੋਂ ਜਾਰੀ ਕੀਤਾ ਗਿਆ, ਜਿਸ ਨੂੰ ਅਸਾਂਜ ਨੇ ਬੈਲਮਾਰਸ਼ ਜੇਲ੍ਹ ਵਿੱਚੋਂ ਵੀਡੀਓ ਲਿੰਕ ਰਾਹੀਂ ਦੇਖਿਆ। ਹੁਣ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਵੱਲੋਂ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਹਵਾਲਗੀ ਨੂੰ ਮਨਜ਼ੂਰੀ ਦੇਣੀ ਹੈ ਜਾਂ ਨਹੀਂ। ਇਸ ਕਦਮ ਨਾਲ ਜੂਲੀਅਨ ਅਸਾਂਜ ਦੇ ਕਾਨੂੰਨੀ ਬਦਲ ਖਤਮ ਨਹੀਂ ਹੋਏ ਹਨ, ਜਿਹੜਾ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਰਗੀਕ੍ਰਿਤ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦੇ ਦੋਸ਼ਾਂ ਹੇਠ ਅਮਰੀਕਾ ਵਿੱਚ ਮੁਕੱਦਮੇ ਤੋਂ ਬਚਣ ਲਈ ਕਈ ਸਾਲਾਂ ਤੋਂ ਮੰਗ ਕਰਦਾ ਆ ਰਿਹਾ ਹੈ। ਉਸ ਦੇ ਵਕੀਲਾਂ ਕੋਲ ਪ੍ਰੀਤੀ ਪਟੇਲ ਕੋਲ ਅਪੀਲ ਕਰਨ ਲਈ ਚਾਰ ਹਫ਼ਤੇ ਦਾ ਸਮਾਂ ਹੈ ਅਤੇ ਉਹ ਹਾਈ ਕੋਰਟ ਵਿੱਚ ਵੀ ਅਪੀਲ ਕਰਨ ਦੀ ਮਨਜ਼ੂਰੀ ਵੀ ਮੰਗ ਸਕਦੇ ਹਨ। ਦੱਸਣਯੋਗ ਹੈ ਕਿ ਅਮਰੀਕਾ ਨੇ ਬਰਤਾਨਵੀ ਅਧਿਕਾਰੀਆਂ ਵੱਲੋਂ ਅਸਾਂਜ ਦੀ ਹਵਾਲਗੀ ਮੰਗੀ ਗਈ ਹੈ ਤਾਂ ਕਿ ਉਸ ਖ਼ਿਲਾਫ਼ ਜਾਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦਾ ਦੁਰਵਰਤੋਂ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਜਾ ਸਕੇ। -ਏਪੀ