ਬੈਂਕਾਕ, 17 ਅਗਸਤ
ਮੁੱਖ ਅੰਸ਼
- ਭਾਰਤ-ਥਾਈਲੈਂਡ ਦੀ ਸਾਂਝੀ ਕਮਿਸ਼ਨ ਮੀਟਿੰਗ ਵਿਚ ਲਿਆ ਹਿੱਸਾ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਅਮਰੀਕਾ ਤੇ ਕੁਝ ਹੋਰ ਮੁਲਕ ਸ਼ਾਇਦ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਦੇ ਪੱਖ ਵਿਚ ਨਾ ਹੋਣ, ਪਰ ਉਨ੍ਹਾਂ ਇਹ ਮੰਨਿਆ ਹੈ ਕਿ ਨਵੀਂ ਦਿੱਲੀ ਦਾ ਇਹ ਰੁਖ਼ ਕਿਸੇ ਰੱਖਿਆਤਮਕ ਰਣਨੀਤੀ ਦਾ ਹਿੱਸਾ ਨਹੀਂ ਹੈ, ਪਰ ਸਰਕਾਰ ਦਾ ਇਹ ‘ਨੈਤਿਕ ਫ਼ਰਜ਼’ ਬਣਦਾ ਹੈ ਕਿ ਉਹ ਆਪਣੇ ਲੋਕਾਂ ਲਈ ਹਮੇਸ਼ਾ ‘ਚੰਗਾ ਸੌਦਾ’ ਕਰੇ। ਜ਼ਿਕਰਯੋਗ ਹੈ ਕਿ ਰੂਸ ਤੋਂ ਭਾਰਤ ਸਸਤਾ ਤੇਲ ਖ਼ਰੀਦ ਰਿਹਾ ਹੈ ਤੇ ਯੂਕਰੇਨ ਜੰਗ ਦੇ ਮੱਦੇਨਜ਼ਰ ਅਮਰੀਕਾ ਨੇ ਇਸ ’ਤੇ ਇਤਰਾਜ਼ ਜਤਾਇਆ ਸੀ। ਜੈਸ਼ੰਕਰ ਇੱਥੇ ਨੌਵੀਂ ਭਾਰਤ-ਥਾਈਲੈਂਡ ਦੀ ਸਾਂਝੀ ਕਮਿਸ਼ਨ ਮੀਟਿੰਗ ਵਿਚ ਹਿੱਸਾ ਲੈਣ ਆਏ ਹਨ। ਇਸ ਮੌਕੇ ਉਨ੍ਹਾਂ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ। ਜੈਸ਼ੰਕਰ ਨੇ ਭਾਰਤ ਵੱਲੋਂ ਰੂਸ ਤੋਂ ਸਸਤਾ ਤੇਲ ਖ਼ਰੀਦਣ ਦਾ ਬਚਾਅ ਕੀਤਾ। ਜ਼ਿਕਰਯੋਗ ਹੈ ਕਿ ਯੂਕਰੇਨ ਜੰਗ ਕਾਰਨ ਕਈ ਮੁਲਕ ਰੂਸ ਤੋਂ ਤੇਲ ਨਹੀਂ ਖ਼ਰੀਦ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੇ ਕਈ ਸਪਲਾਇਰ ਯੂਰਪ ਨੂੰ ਤੇਲ ਦੇ ਰਹੇ ਹਨ ਜੋ ਕਿ ਰੂਸ ਤੋਂ ਘੱਟ ਤੇਲ ਲੈ ਰਿਹਾ ਹੈ। ਤੇਲ ਤੇ ਗੈਸ ਦੀਆਂ ਕੀਮਤਾਂ ਬਿਨਾਂ ਕਿਸੇ ਠੋਸ ਕਾਰਨ ਬਹੁਤ ਵਧੀਆਂ ਹੋਈਆਂ ਹਨ। ਸਥਿਤੀ ਅਜਿਹੀ ਹੈ ਕਿ ਹਰ ਮੁਲਕ ਆਪਣੇ ਨਾਗਰਿਕਾਂ ਲਈ ਸਸਤਾ ਤੈਲ-ਗੈਸ ਲੈਣਾ ਚਾਹੁੰਦਾ ਹੈ। ਭਾਰਤ ਵੀ ਇਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਰੱਖਿਆਤਮਕ ਰੂਪ’ ਵਿਚ ਇਹ ਸਭ ਨਹੀਂ ਕਰ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਆਪਣੇ ਹਿੱਤਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ ਤੇ ਇਨ੍ਹਾਂ ਪ੍ਰਤੀ ਇਮਾਨਦਾਰ ਹਾਂ’। ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਮੁਲਕ ਹੈ ਜਿੱਥੇ ਪ੍ਰਤੀ ਵਿਅਕਤੀ ਆਮਦਨ ਘੱਟ ਹੈ, ਅਜਿਹੇ ਵਿਚ ਲੋਕ ਐਨੀਆਂ ਉੱਚੀਆਂ ਕੀਮਤਾਂ ’ਤੇ ਤੇਲ ਨਹੀਂ ਖ਼ਰੀਦ ਸਕਦੇ। ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਸਥਿਤੀ ਦਾ ਪਤਾ ਹੈ ਤੇ ਉਹ ਹੁਣ ਹਾਲਾਤ ਸਮਝ ਕੇ ਅੱਗੇ ਵਧ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ, ਰੂਸ ਤੋਂ ਪਹਿਲਾਂ ਨਾਲੋਂ 50 ਗੁਣਾਂ ਵੱਧ ਕੱਚਾ ਤੇਲ ਮੰਗਵਾ ਰਿਹਾ ਹੈ। ਇਸ ਮੌਕੇ ਜੈਸ਼ੰਕਰ ਨੇ ਕਿਹਾ ਕਿ ਭਾਰਤ-ਥਾਈਲੈਂਡ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਵਚਨਬੱਧ ਹਨ। -ਪੀਟੀਆਈ