ਨਵੀਂ ਦਿੱਲੀ, 13 ਜਨਵਰੀ
ਅੰਡਰਵਰਲਡ ਸਰਗਨੇ ਦਾਊਦ ਇਬਰਾਹਿਮ ਦੇ ਭਤੀਜੇ ਸੋਹੇਲ ਕਾਸਕਰ ਨੂੰ ਮੁਲਕ ਲਿਆਉਣ ਦੀਆਂ ਕੋਸ਼ਿਸ਼ਾਂ ’ਚ ਲੱਗੀਆਂ ਭਾਰਤੀ ਖ਼ੁਫ਼ੀਆ ਏਜੰਸੀਆਂ ਅਤੇ ਮੁੰਬਈ ਪੁਲੀਸ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਹ ਝਕਾਨੀ ਦੇ ਕੇ ਪਾਕਿਸਤਾਨ ਪਹੁੰਚ ਗਿਆ। ਮੁੰਬਈ ਪੁਲੀਸ ਦੇ ਸੂਤਰ ਨੇ ਕਿਹਾ ਕਿ ਸੋਹੇਲ ਕਾਸਕਾਰ ਦੁਬਈ ਤੋਂ ਪਾਕਿਸਤਾਨ ਪਹੁੰਚ ਗਿਆ ਹੈ। ਭਾਰਤੀ ਖ਼ੁਫ਼ੀਆ ਏਜੰਸੀਆਂ ਲੰਬੇ ਸਮੇਂ ਤੋਂ ਉਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ’ਚ ਸਨ। ਅਮਰੀਕੀ ਏਜੰਸੀਆਂ ਨੇ ਹੁਣੇ ਜਿਹੇ ਉਸ ’ਤੇ ਨਾਰਕੋ ਦਹਿਸ਼ਤਗਰਦੀ ਦੇ ਦੋਸ਼ ਲਾਏ ਸਨ। ਉਸ ਨੂੰ ਅਮਰੀਕੀ ਏਜੰਸੀਆਂ ਨੇ ਦਾਨਿਸ਼ ਅਲੀ ਨਾਲ ਗ੍ਰਿਫ਼ਤਾਰ ਕਰ ਲਿਆ ਸੀ। ਅਲੀ ਨੂੰ ਕੌਮਾਂਤਰੀ ਹਮਾਇਤ ਨਾਲ ਭਾਰਤ ਲਿਆਂਦਾ ਗਿਆ ਸੀ ਅਤੇ ਮੁੰਬਈ ਪੁਲੀਸ ਨੂੰ ਆਸ ਸੀ ਕਿ ਸੋਹੇਲ ਨੂੰ ਵੀ ਭਾਰਤ ਲਿਆਂਦਾ ਜਾਵੇਗਾ। ਸੂਤਰਾਂ ਨੇ ਦਾਅਵਾ ਕੀਤਾ ਕਿ ਭਾਰਤੀ ਏਜੰਸੀਆਂ ਨੇ ਇਕ ਫੋਨ ਕਾਲ ਦਾ ਪਤਾ ਲਾਇਆ ਸੀ ਜੋ ਕਾਸਕਰ ਵੱਲੋਂ ਕੀਤੀ ਗਈ ਸੀ। ਜਦੋਂ ਏਜੰਸੀਆਂ ਨੇ ਉਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕਾਸਕਰ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਛੱਡ ਚੁੱਕਾ ਸੀ ਅਤੇ ਦੁਬਈ ਤੋਂ ਹੁੰਦਾ ਹੋਇਆ ਪਾਕਿਸਤਾਨ ਪਹੁੰਚ ਗਿਆ ਹੈ। ਖ਼ੁਫ਼ੀਆ ਏਜੰਸੀਆਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਾਸਕਰ ਨੂੰ ਅਮਰੀਕਾ ਨੇ ਕਿਵੇਂ ਛੱਡ ਦਿੱਤਾ। ਸੋਹੇਲ, ਨੂਰਾ ਕਾਸਕਰ ਦਾ ਪੁੱਤਰ ਹੈ ਜਿਸ ਦੀ 2010 ’ਚ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਸੀ। ਜੇਕਰ ਉਹ ਭਾਰਤੀ ਏਜੰਸੀਆਂ ਦੇ ਹੱਥੇ ਚੜ੍ਹ ਜਾਂਦਾ ਤਾਂ ਦਾਊਦ ਇਬਰਾਹਿਮ ਨਾਲ ਜੁੜੇ ਅਤਿਵਾਦ ਦੇ ਕੇਸ ਸੁਲਝਾਉਣ ’ਚ ਵੱਡੀ ਸਹਾਇਤਾ ਮਿਲ ਸਕਦੀ ਸੀ। -ਆਈਏਐਨਐਸ