ਕੋਲੰਬੋ: ਸ੍ਰੀ ਲੰਕਾ ਦੇ ਸਮੁੰਦਰੀ ਮਾਹਿਰਾਂ ਨੇ ਸਿੰਗਾਪੁਰ ਦੇ ਝੰਡੇ ਵਾਲੇ ਮਾਲਵਾਹਕ ਬੇੜੇ, ਜੋ ਅੱਗ ਲੱਗਣ ਕਰਕੇ ਨੁਕਸਾਨਿਆ ਗਿਆ ਸੀ ਤੇ ਹੁਣ ਹੌਲੀ ਹੌਲੀ ਡੁੱਬਣ ਲੱਗਾ ਹੈ, ਦਾ ਡੇਟਾ ਰਿਕਾਰਡਰ ਲੱਭ ਲਿਆ ਹੈ। ਇਸ ਦੇ ਨਾਲ ਹੀ ਅਥਾਰਿਟੀਜ਼ ਨੇ ਹਾਦਸੇ ਕਰਕੇ ਸਮੁੰਦਰੀ ਵਾਤਾਵਰਨ ’ਤੇ ਪੈਣ ਵਾਲੇ ਅਸਰ ਦੀ ਸਮੀਖਿਆ ਲਈ ਕਮੇਟੀ ਗਠਿਤ ਕੀਤੀ ਹੈ। ਸ੍ਰੀ ਲੰਕਾ ਪੋਰਟਸ ਅਥਾਰਿਟੀ ਨੇ ਲੰਘੇ ਦਿਨ ਇਕ ਬਿਆਨ ਵਿੱਚ ਕਿਹਾ ਸੀ ਕਿ ਹਾਲ ਦੀ ਘੜੀ ਬੇੜੇ ’ਚੋਂ ਤੇਲ ਜਾਂ ਰਸਾਇਣ ਰਿਸਣ ਦੇ ਕੋਈ ਸੰਕੇਤ ਨਹੀਂ ਹਨ। ਬਿਆਨ ਮੁਤਾਬਕ ਸ੍ਰੀ ਲੰਕਾ ਜਲਸੈਨਾ, ਭਾਰਤੀ ਤੱਟ ਰੱਖਿਅਕਾਂ, ਸਾਲਵੋਸ ਤੇ ਸਥਾਨਕ ਅਥਾਰਿਟੀਜ਼ ਵੱਲੋਂ ਤੇਲ ਦੇ ਰਿਸਾਅ ਸਮੇਤ ਹੋਰ ਕਿਸੇ ਵੀ ਨਕਲੋ-ਹਰਕਤ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ 20 ਮਈ ਨੂੰ ਸ੍ਰੀ ਲੰਕਾ ਦੇ ਪਾਣੀਆਂ ਵਿੱਚ ਮਾਲਵਾਹਕ ਬੇੜੇ ਨੂੰ ਅੱਗ ਲੱਗ ਗਈ ਸੀ। -ਪੀਟੀਆਈ