ਕੀਵ: ਰੂਸ ਦੇ ਸੰਭਾਵੀ ਹਮਲੇ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਯੂਕਰੇਨ ਦੀ ਫ਼ੌਜ ਅਤੇ ਵੱਡੇ ਬੈਂਕਾਂ ਦੀਆਂ ਵੈੱਬਸਾਈਟਾਂ ’ਤੇ ਸਾਈਬਰ ਹਮਲੇ ਹੋਏ ਹਨ। ਸਾਈਬਰ ਹਮਲੇ ਕਾਰਨ ਵੱਡਾ ਨੁਕਸਾਨ ਹੋਣ ਦੇ ਅਜੇ ਕੋਈ ਸੰਕੇਤ ਨਹੀਂ ਮਿਲੇ ਹਨ। ਸਾਈਬਰ ਹਮਲਿਆਂ ਕਾਰਨ ਰੱਖਿਆ, ਵਿਦੇਸ਼ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲਿਆਂ ਅਤੇ ਯੂਕਰੇਨ ਦੇ ਦੋ ਵੱਡੇ ਬੈਂਕਾਂ ਸਮੇਤ 10 ਵੈੱਬਸਾਈਟਾਂ ਨਹੀਂ ਖੁੱਲ੍ਹੀਆਂ। ਯੂਕਰੇਨ ਦੇ ਸਾਈਬਰ ਰੱਖਿਆ ਦੇ ਸੀਨੀਅਰ ਅਧਿਕਾਰੀ ਵਿਕਟਰ ਜ਼ੋਰਾ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਸਾਈਬਰ ਹਮਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੈੱਬਸਾਈਟਾਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਅਜੇ ਫ਼ੌਰੀ ਕੁਝ ਨਹੀਂ ਕਿਹਾ ਜਾ ਸਕਦਾ ਹੈ। ਉਂਜ ਮੰਤਰਾਲੇ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸਾਈਬਰ ਹਮਲੇ ’ਚ ਰੂਸ ਦੀ ਸ਼ਮੂਲੀਅਤ ਹੈ ਕਿਉਂਕਿ ਉਸ ਦਾ ਹਮਲਾਵਰ ਰਵੱਈਆ ਕੰਮ ਨਹੀਂ ਕਰ ਰਿਹਾ ਹੈ। -ਏਪੀ