ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਲੋਚਕ ਅਲੈਕਸੀ ਨਵਾਲਨੀ ਨੂੰ ਵਿਗੜਦੀ ਸਿਹਤ ਦੇ ਮੱਦੇਨਜ਼ਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨਵਾਲਨੀ ਤਿੰਨ ਹਫ਼ਤਿਆਂ ਤੋਂ ਭੁੱਖ ਹੜਤਾਲ ’ਤੇ ਸਨ ਤੇ ਐਤਵਾਰ ਉਨ੍ਹਾਂ ਦੇ ਡਾਕਟਰ ਨੇ ਕਿਹਾ ਸੀ ਕਿ ਉਹ ਕਦੇ ਵੀ ਮਰ ਸਕਦੇ ਹਨ। ਨਵਾਲਨੀ ਨੂੰ ਕੈਦੀਆਂ ਲਈ ਬਣੇ ਹਸਪਤਾਲ ਵਿਚ ਭੇਜਿਆ ਗਿਆ ਹੈ। ਹਸਪਤਾਲ ਮਾਸਕੋ ਤੋਂ 180 ਕਿਲੋਮੀਟਰ ਦੂਰ ਸਥਿਤ ਹੈ। ਨਵਾਲਨੀ ਦੀ ਹਾਲਤ ‘ਸਥਿਰ’ ਹੈ ਤੇ ਉਹ ਵਿਟਾਮਿਨ ਲੈਣ ਲਈ ਸਹਿਮਤ ਹੋ ਗਿਆ ਹੈ। ਨਵਾਲਨੀ ਪਿੱਠ ਵਿਚ ਦਰਦ ਤੇ ਹੋਰ ਬੀਮਾਰੀਆਂ ਕਾਰਨ ਆਪਣੇ ਡਾਕਟਰਾਂ ਨੂੰ ਮਿਲਣਾ ਚਾਹੁੰਦਾ ਸੀ, ਪਰ ਇਜਾਜ਼ਤ ਨਾ ਮਿਲਣ ਦੇ ਰੋਸ ਵਜੋਂ ਉਹ ਭੁੱਖ ਹੜਤਾਲ ’ਤੇ ਚਲਾ ਗਿਆ ਸੀ। -ਏਪੀ