ਵਿੱਕੀ ਬਟਾਲਾ
ਮਿਲਾਨ (ਇਟਲੀ), 29 ਅਪਰੈਲ
ਇਟਲੀ ਵਿਚ ਕਰੋਨਾਵਾਇਰਸ ’ਤੇ ਕਾਬੂ ਪਾਉਣ ਲਈ ਮਈ ਮਹੀਨੇ ਤੋਂ ਕੋਵਿਡ-19 ਦੀਆਂ ਘਰੇਲੂ ਟੈਸਟਿੰਗ ਕਿੱਟਾਂ ਉਪਲੱਬਧ ਹੋਣਗੀਆਂ। ਇਟਲੀ ਦੇ ਸਿਹਤ ਮੰਤਰਾਲੇ ਨੇ ਇਹ ਕਿੱਟਾਂ ਫਾਰਮੇਸੀਆਂ, ਸੁਪਰ ਮਾਰਕੀਟਾਂ ਅਤੇ ਹੋਰ ਦੁਕਾਨਾਂ ਵਿਚ ਵੇਚਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੋਵਿਡ-19 ਦੀਆਂ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਕਈ ਹੋਰ ਯੂਰਪੀਅਨ ਦੇਸ਼ਾਂ ਵਿੱਚ ਵਰਤੀਆਂ ਜਾ ਰਹੀਆਂ ਹਨ, ਜੋ ਲਗਭਗ 15 ਮਿੰਟਾਂ ਵਿੱਚ ਨਤੀਜੇ ਦਿੰਦੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਰੇਕ ਕਿੱਟ ਦੀ ਕੀਮਤ ਇਟਲੀ ਵਿੱਚ 6 ਤੋਂ 8 ਯੂਰੋ ਦੀ ਹੋਵੇਗੀ। ਇਨ੍ਹਾਂ ‘ਸਵੈ-ਜਾਂਚ’ ਟੈਸਟਾਂ ਨੂੰ ਸਿਹਤ ਮੰਤਰਾਲੇ ਨੇ ਇੱਕ ਤਾਜ਼ਾ ਅਪਡੇਟ ਵਿੱਚ ਪ੍ਰਵਾਨਗੀ ਦਿੱਤੀ ਸੀ। ਮਈ ਤੱਕ ਦੇਸ਼ ਭਰ ਵਿੱਚ ਵਿਕਰੀ ਹੋਣ ਦੀ ਉਮੀਦ ਹੈ। ਇਹ ਹੋਮ ਟੈਸਟਿੰਗ ਕਿੱਟਾਂ ਪਹਿਲਾਂ ਹੀ ਯੂਕੇ, ਆਸਟਰੀਆ, ਜਰਮਨੀ ਅਤੇ ਪੁਰਤਗਾਲ ਵਿਚ ਵਰਤੀਆਂ ਜਾਂਦੀਆਂ ਹਨ, ਜਦਕਿ ਫਰਾਂਸ ਨੇ ਵੀ ਹਾਲ ਹੀ ਵਿਚ ਉਨ੍ਹਾਂ ਨੂੰ ਫਾਰਮੇਸੀਆਂ ਵਿਚ ਵੇਚਣ ਲਈ ਮਨਜ਼ੂਰੀ ਦਿੱਤੀ ਹੈ।