ਸੰਯੁਕਤ ਰਾਸ਼ਟਰ, 21 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ‘ਇਤਿਹਾਸ ਵਿੱਚ ਇਕ ਬਦਲਾਅ ਦੇ ਬਿੰਦੂ’ ’ਤੇ ਹੈ ਅਤੇ ਕੋਵਿਡ-19, ਵਾਤਾਵਰਣ ’ਚ ਬਦਲਾਅ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਰਗੇ ਮੁੱਦਿਆਂ ਨਾਲ ਟਾਕਰਾ ਕਰਨ ਲਈ ਸਭ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਚੀਨ ਨਾਲ ਵਧਦੇ ਤਨਾਅ ਨੂੰ ਲੈ ਕੇ ਸ੍ਰੀ ਬਾਇਡਨ ਨੇ ਐਲਾਨ ਕੀਤਾ ਕਿ ਅਮਰੀਕਾ ‘ਇਕ ਨਵਾਂ ਸੀਤ ਯੁੱਧ ਨਹੀਂ ਚਾਹੁੰਦਾ ਹੈ।’ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਨੂੰ ਸਮਾਪਤ ਕਰਨ ਦੇ ਆਪਣੇ ਫੈਸਲੇ ਦਾ ਵੀ ਜ਼ਿਕਰ ਕੀਤਾ ਅਤੇ ਦੁਨੀਆਂ ਵਿੱਚ ਪੈਦਾ ਹੋਣ ਵਾਲੇ ਸੰਕਟਾਂ ਨਾਲ ਨਜਿੱਠਣ ਲਈ ਆਪਣੇ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਰੂਪਰੇਖਾ ਦਾ ਵੀ ਜ਼ਿਕਰ ਕੀਤਾ। ਬਾਇਡਨ ਨੇ ਕਿਹਾ ‘ਅਸੀਂ ਅਫਗਾਨਿਸਤਾਨ ਵਿੱਚ 20 ਸਾਲਾਂ ਤੋਂ ਚੱਲ ਰਹੇ ਸੰਘਰਸ਼ ਨੂੰ ਖਤਮ ਕਰ ਦਿੱਤਾ ਹੈ।’ -ਪੀਟੀਆਈ