ਹਿਊਸਟਨ, 6 ਮਈ
ਯੂਐੱਸ ਇੰਡੀਆ ਚੈਂਬਰ ਆਫ਼ ਕਾਮਰਸ (ਯੂਐੱਸਆਈਸੀਓਸੀ) ਫਾਊਂਡੇਸ਼ਨ ਨੇ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਮਾਰੂ ਲਹਿਰ ਖ਼ਿਲਾਫ਼ ਲੜਾਈ ਵਿਚ ਭਾਰਤ ਦੀ ਮਦਦ ਕਰਨ ਲਈ 32 ਹੋਰ ਪੋਰਟੇਬਲ ਵੈਂਟੀਲੇਟਰ ਭੇਜੇ ਹਨ। ਅਗਲੇ ਕੁਝ ਦਿਨਾਂ ਵਿਚ ਫਾਊਂਡੇਸ਼ਨ ਵੱਲੋਂ ਤੀਜੀ ਖੇਪ ਵਜੋਂ ਵੱਖ-ਵੱਖ ਆਕਸੀਜਨ ਕੰਸਨਟਰੇਟਰਾਂ ਦੇ ਨਾਲ 25 ਹੋਰ ਵੈਂਟੀਲੇਟਰ ਭਾਰਤ ਭੇਜੇ ਜਾਣਗੇ। ਯੂਐੱਸ ਇੰਡੀਆ ਚੈਂਬਰ ਆਫ਼ ਕਾਮਰਸ਼ ਆਫ਼ ਡੱਲਾਸ-ਫੋਰਟ ਵਰਥ ਅਤੇ ਇੰਡੋ-ਅਮਰੀਕਨ ਚੈਂਬਰ ਆਫ਼ ਗਰੇਟਰ ਹਿਊਸਟਨ (ਆਈਏਸੀਸੀਜੀਐੱਚ) ਨੇ ਇਸ ਉਪਰਾਲੇ ਵਿਚ ਟੈਕਸਾਸ ਦੇ ਸਮੁੱਚੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਹੱਥ ਮਿਲਾ ਲਏ ਹਨ। ਆਈਏਸੀਸੀਜੀਐੱਚ ਦੇ ਕਾਰਜਕਾਰੀ ਤੇ ਸੰਸਥਾਪਕ ਨਿਰਦੇਸ਼ਕ ਜਗਦੀਪ ਆਹਲੂਵਾਲੀਆ ਨੇ ਇਸ ਉਪਰਾਲੇ ਦੀ ਸਫ਼ਲਤਾ ਦਾ ਸਿਹਰਾ ਕਈ ਭਾਈਚਾਰਕ ਸੰਸਥਾਵਾਂ ਅਤੇ ਕਾਰੋਬਾਰੀਆਂ ਸਿਰ ਬੰਨ੍ਹਿਆ ਹੈ। ਸ੍ਰੀ ਆਹਲੂਵਾਲੀਆ ਨੇ ਲੌਜਿਸਟਿਕ ਤੇ ਕਾਰਗੋ ਟੀਮਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਇਨ੍ਹਾਂ ਟੀਮਾਂ ਵਿਚ ਪੈਰੀਮੀਟਰ ਗਲੋਬਲ ਲੌਜਿਸਟਿਕਸ, ਦੱਖਣ-ਪੱਛਮੀ ਏਅਰਲਾਈਨਜ਼ ਤੇ ਯੂਨਾਈਟਿਡ ਏਅਰਲਾਈਨਜ਼ ਸ਼ਾਮਲ ਹਨ। ਆਈਏਸੀਸੀਜੀਐੱਚ ਦੇ ਪ੍ਰਧਾਨ ਤਾਰੁਸ਼ ਆਨੰਦ ਨੇ ਕਿਹਾ, ‘‘ਹਾਲਾਂਕਿ ਜੋ ਕੁਝ ਭਾਰਤ ਵਿਚ ਹੋ ਰਿਹਾ ਹੈ ਕਾਫੀ ਦਿਲ ਤੋੜਨ ਵਾਲਾ ਹੈ, ਪਰ ਜ਼ਰੂਰਤ ਦੇ ਇਸ ਸਮੇਂ ਵਿਚ ਭਾਰਤ ਦੇ ਲੋਕਾਂ ਦੀ ਮਦਦ ਲਈ ਭਾਰਤੀ-ਅਮਰੀਕੀ ਭਾਈਚਾਰੇ ਨੂੰ ਇਕਜੁੱਟ ਹੁੰਦਾ ਦੇਖਣਾ ਕਾਫੀ ਉਤਸ਼ਾਹਪੂਰਨ ਹੈ। -ਪੀਟੀਆਈ