ਇਸਲਾਮਾਬਾਦ, 3 ਜਨਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਵਧ ਰਿਹਾ ਭ੍ਰਿਸ਼ਟਾਚਾਰ ਅਤੇ ਜਿਨਸੀ ਅਪਰਾਧ ਮੁਸਲਿਮ ਜਗਤ ਸਾਹਮਣੇ ਦੋ ਮੁੱਖ ਬੁਰਾਈਆਂ ਹਨ। ਉਨ੍ਹਾਂ ਨੇ ਇਹ ਗੱਲ ਐਤਵਾਰ ਨੂੰ ਦੁਨੀਆਂ ਸਿਖਰਲੇ ਮੁਸਲਿਮ ਵਿਦਵਾਨਾਂ ਨਾਲ ‘ਰਿਆਸਤ-ਏ-ਮਦੀਨਾ: ਇਸਲਾਮ, ਸਮਾਜ ਅਤੇ ਨੈਤਿਕ ਸੁਰਜੀਤੀ’’ ਵਿਸ਼ੇ ’ਤੇ ਚਰਚਾ ਦੌਰਾਨ ਆਖੀ। ਇਹ ਚਰਚਾ ਨਵੀਂ ਬਣੀ ਸੰਸਥਾ ਨੈਸ਼ਨਲ ਰਹਿਮਤਉਲ-ਲਿਲ-ਆਲਮੀਨ ਅਥਾਰਿਟੀ (ਐੱਨਆਰਏਏ) ਵੱਲੋਂ ਕਰਵਾਈ ਗਈ ਹੈ। ਖ਼ਾਨ ਵੱਲੋਂ ਐੱਨਆਰਏਏ ਦਾ ਗਠਨ ਪਿਛਲੇ ਵਰ੍ਹੇ ਇਹ ਖੋਜ ਕਰਨ ਲਈ ਕੀਤਾ ਗਿਆ ਸੀ ਕਿ ਪੈਗੰਬਰ ਦੇ ਜੀਵਨ ਦੀ ਸਿੱਖਿਆਵਾਂ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ। ਸਮਾਗਮ ਮੌਕੇ ਵਿਦਵਾਨਾਂ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਅਤੇ ਧਾਰਮਿਕ ਨੈਤਿਕ ਕੀਮਤਾਂ ’ਤੇ ਸੋਸ਼ਲ ਮੀਡੀਆ ਦੇ ਹਮਲੇ ਤੋਂ ਬਚਾਉਣ ਸਬੰਧੀ ਵਿਚਾਰ ਪੇਸ਼ ਕੀਤੇ।
ਇਮਰਾਨ ਖ਼ਾਨ ਨੇ ਕਿਹਾ, ‘‘ਸਮਾਜ ਵਿੱਚ ਅਪਰਾਧ ਦੀਆਂ ਦੋ ਕਿਸਮਾਂ ਹਨ, ਇੱਕ ਭ੍ਰਿਸ਼ਟਾਚਾਰ ਹੈ ਅਤੇ ਦੂਜਾ ਜਿਨਸੀ ਅਪਰਾਧ। ਸਾਡੇ ਸਮਾਜ ’ਚ ਜਿਨਸੀ ਅਪਰਾਧ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਜਿਵੇਂ ਕਿ ਜਬਰ-ਜਨਾਹ ਅਤੇ ਬਾਲ ਸੋਸ਼ਣ, ਪਰ ਇਸ ਦੇ ਸਿਰਫ਼ ਇੱਕ ਫ਼ੀਸਦੀ ਮਾਮਲੇ ਹੀ ਦਰਜ ਹੁੰਦੇ ਹਨ।’’
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਨਵਾਜ਼ ਸ਼ਰੀਫ਼ ’ਤੇ ਵਿਅੰਗ ਕੱਸਦਿਆਂ ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਬਾਕੀ 99 ਫ਼ੀਸਦੀ (ਅਪਰਾਧਾਂ), ਨਾਲ ਸਮਾਜ ਨੂੰ ਲੜਨਾ ਪਵੇਗਾ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵੀ ਅਜਿਹਾ ਹੀ ਹੈ। ਸਮਾਜ ਵੱਲੋਂ ਭ੍ਰਿਸ਼ਟਾਚਾਰ ਨੂੰ ਅਸਵੀਕਾਰ ਕਰਨਾ ਪਵੇਗਾ। ਬਦਕਿਸਮਤੀ ਨਾਲ, ਜਦੋਂ ਤੁਹਾਡੇ ਕੋਲ ਅਜਿਹੀ ਲੀਡਰਸ਼ਿਪ ਹੁੰਦੀ ਹੈ, ਜਿਹੜੀ ਸਮੇਂ ਦਾ ਨਾਲ ਭ੍ਰਿਸ਼ਟ ਹੋ ਜਾਂਦੀ ਹੈ, ਉਹ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰਨਯੋਗ ਬਣਾ ਦਿੰਦੀ ਹੈ।’’
‘ਡਾਅਨ’ ਅਖਬਾਰ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਕੌਮਾਂਤਰੀ ਵਿਦਵਾਨਾਂ ਦੇ ਵਿਚਾਰਾਂ ਨੂੰ ਦੇਖਦਿਆਂ ਖ਼ਾਨ ਨੇ ਸੰਕੇਤ ਦਿੱਤੇ ਕਿ ਉਹ ਭਵਿੱਖ ਵਿੱਚ ਵੀ ਪ੍ਰਸਿੱਧ ਵਿਦਵਾਨਾਂ ਨਾਲ ਅਜਿਹੀਆਂ ਚਰਚਾਵਾਂ ਕਰਨਗੇ। ਉਨ੍ਹਾਂ ਨੇ ਮੁਸਲਿਮ ਨੌਜਵਾਨਾਂ ਨੂੰ ਇੰਟਰਨੈੱਟ ’ਤੇ ਉਪਲੱਬਧ ਅਸ਼ਲੀਲਤਾ ਅਤੇ ਅਸ਼ਲੀਲ ਸਮੱਗਰੀ ਤੋਂ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਚਰਚਾ ਦੌਰਾਨ ਵਿਦਵਾਨਾਂ ਵੱਲੋਂ ਆਧੁਨਿਕਤਾ ਦੇ ਨਾਂਹਪੱਖੀ ਪ੍ਰਭਾਵਾਂ ਦੇ ਮੁਕਾਬਲੇ ਲਈ ਮੁਸਲਿਮ ਦੇਸ਼ਾਂ ਵੱਲੋਂ ਕੁਝ ਸਮੂਹਿਕ ਕੋਸ਼ਿਸ਼ਾਂ ਦਾ ਸੁਝਾਅ ਦਿੱਤਾ ਗਿਆ। -ਪੀਟੀਆਈ