ਇਸਲਾਮਾਬਾਦ, 28 ਮਾਰਚ
ਪਾਕਿਸਤਾਨ ਨੇ ਵਧ ਰਹੇ ਕਰੋਨਾਵਾਇਰਸ ਕੇਸਾਂ ਦੇ ਮੱਦੇਨਜ਼ਰ ਪੰਜ ਅਪਰੈਲ ਤੋਂ ਦੇਸ਼ ਭਰ ਵਿੱਚ ਜਨਤਕ ਇਕੱਠਾਂ ਉਤੇ ਤਾਜ਼ਾ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 4767 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਇਸ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 6,54,591 ਹੋ ਗਈ ਹੈ। ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ ਦੀ ਅਗਵਾਈ ’ਚ ਹੋਈ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨਸੀਓਸੀ) ਦੀ ਮੀਟਿੰਗ ਵਿੱਚ ਕਰੋਨਾਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਮੁਲਾਂਕਣ ਕਰਨ ਮਗਰੋਂ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਕਿਸਤਾਨ ਦੀ ਸਿਖਰਲੀ ਕਰੋਨਾ ਰੋਕੂ ਸੰਸਥਾ ਨੇ ਜਿਸ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਕਰੋਨਾ ਕੇਸਾਂ ਦੀ ਦਰ ਅੱਠ ਫ਼ੀਸਦੀ ਤੋਂ ਵੱਧ ਹੈ, ਉਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਸਣੇ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਜਨਤਕ ਇਕੱਠਾਂ ’ਤੇ ਪੰਜ ਅਪਰੈਲ ਤੋਂ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ।