ਪੇਈਚਿੰਗ, 1 ਸਤੰਬਰ
ਚੀਨੀ ਅਧਿਕਾਰੀਆਂ ਨੇ ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਦੱਖਣੀ ਪੱਛਮੀ ਸ਼ਹਿਰ ਚੇਂਗਦੂ ਵਿੱਚ ਲੌਕਡਾਊਨ ਲਗਾ ਦਿੱਤਾ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸ਼ਹਿਰ ਤੋਂ ਜਾਣ- ਆਉਣ ਵਾਲੀਆਂ 70 ਫੀਸਦੀ ਉਡਾਣਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਪੱਛੜ ਗਈ ਹੈ। ਸਰਕਾਰੀ ਟਰਾਂਸਪੋਰਟ ਸੇਵਾ ਜਾਰੀ ਹੈ ਅਤੇ ਵਿਸ਼ੇਸ਼ ਲੋੜ ਬਾਰੇ ਦੱਸਣ ’ਤੇ ਹੀ ਲੋਕਾਂ ਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਹੈ। ਅੱਜ ਜਾਰੀ ਕੀਤੇ ਨਵੇਂ ਨਿਯਮਾਂ ਅਨੁਸਾਰ ਪਰਿਵਾਰ ਦਾ ਇਕ ਜੀਅ ਬੀਤੇ 24 ਘੰਟਿਆਂ ਦੀ ਨੈਗੇਟਿਵ ਕਰੋਨਾ ਰਿਪੋਰਟ ਦਿਖਾ ਕੇ ਜ਼ਰੂਰੀ ਵਸਤਾਂ ਦੀ ਖਰੀਦ ਲਈ ਬਾਹਰ ਨਿਕਲ ਸਕਦਾ ਹੈ। ਅਜਿਹੇ ਨਿਯਮ ਉੱਤਰ ਪੂਰਬੀ ਸ਼ਹਿਰ ਦਾਲਿਆਨ ਤੇ ਸ਼ੀਜਿਆਜ਼ਹੁਆਂਗ ਵਿੱਚ ਵੀ ਲਾਗੂ ਹਨ। -ਏਜੰਸੀ