ਜਨੇਵਾ, 16 ਜੂਨ
ਵਿਸ਼ਵ ਸਿਹਤ ਸੰਸਥਾ ਮੁਤਾਬਕ ਕਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪੰਜ ਹਫ਼ਤਿਆਂ ਤੱਕ ਘੱਟ ਰਹਿਣ ਮਗਰੋਂ ਪਿਛਲੇ ਹਫ਼ਤੇ ਆਲਮੀ ਪੱਧਰ ’ਤੇ ਇਨ੍ਹਾਂ ਮੌਤਾਂ ਦੀ ਗਿਣਤੀ ’ਚ 4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਅੱਜ ਕਰੋਨਾ ਮਹਾਮਾਰੀ ’ਤੇ ਜਾਰੀ ਆਪਣੇ ਹਫ਼ਤਾਵਾਰੀ ਮੁਲਾਂਕਣ ਵਿੱਚ ਸਿਹਤ ਸੰਸਥਾ ਨੇ ਕਿਹਾ ਕਿ ਪਿਛਲੇ ਹਫ਼ਤੇ ਕਰੋਨਾ ਕਾਰਨ 8,700 ਮੌਤਾਂ ਹੋਈਆਂ ਸਨ, ਜਿਸ ਦੌਰਾਨ ਅਮਰੀਕਾ ’ਚ ਹੋਈਆਂ ਮੌਤਾਂ ’ਚ 21 ਫ਼ੀਸਦੀ ਤੇ ਪੱਛਮੀ ਪੈਸੇਫਿਕ ’ਚ ਹੋਈਆਂ ਮੌਤਾਂ ਦੀ ਗਿਣਤੀ ’ਚ 17 ਫ਼ੀਸਦੀ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਪਿਛਲੇ ਹਫ਼ਤੇ ਲਗਪਗ 3.2 ਮਿਲੀਅਨ ਨਵੇਂ ਕੇਸ ਸਾਹਮਣੇ ਆਏ ਸਨ ਜਦਕਿ ਇਸ ਤੋਂ ਪਹਿਲਾਂ ਕਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਘਟਦੀ ਰਹੀ ਹੈ, ਜੋ ਜਨਵਰੀ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਸੀ। ਇਸ ਦੇ ਬਾਵਜੂਦ ਕੁਝ ਖਿੱਤਿਆਂ ਵਿੱਚ ਕਰੋਨਾ ਲਾਗ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ, ਜਿਸ ਦੌਰਾਨ ਮੱਧ ਪੂਰਬੀ ਤੇ ਦੱਖਣ ਪੂਰਬੀ ਏਸ਼ੀਆ ਵਿੱਚ ਕਰੋਨਾ ਕੇਸਾਂ ਦੀ ਗਿਣਤੀ ’ਚ ਕ੍ਰਮਵਾਰ 58 ਫ਼ੀਸਦੀ ਤੇ 33 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ। -ਏਪੀ