ਹਾਂਗਕਾਂਗ, 24 ਜੂਨ
ਹਾਂਗਕਾਂਗ ਵਿਚ ਲੋਕਤੰਤਰ ਪੱਖੀ ਅਖ਼ਬਾਰ ‘ਐਪਲ ਡੇਲੀ’ ਦਾ ਆਖਰੀ ਪ੍ਰਿੰਟ ਐਡੀਸ਼ਨ ਖਰੀਦਣ ਲਈ ਵੀਰਵਾਰ ਸਵੇਰੇ ਲੋਕ ਕਤਾਰਾਂ ਲਗਾ ਕੇ ਖੜ੍ਹੇ ਰਹੇ। ‘ਐਪਲ ਡੇਲੀ’ ਦੇ ਆਖਰੀ ਅੰਕ ਦੀਆਂ ਸਵੇਰੇ 8.30 ਵਜੇ ਤੱਕ 10 ਲੱਖ ਕਾਪੀਆਂ ਹੱਥੋ-ਹੱਥ ਵਿਕ ਚੁੱਕੀਆਂ ਸਨ, ਜਦ ਕਿ ਇਸ ਦੀ ਸਰਕੁਲੇਸ਼ਨ 80 ਹਜ਼ਾਰ ਦੇ ਕਰੀਬ ਸੀ।
‘ਐਪਲ ਡੇਲੀ’ ਨੇ ਪੁਲੀਸ ਵੱਲੋਂ ਉਸ ਦੀ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕੀਤੇ ਜਾਣ, ਦਫ਼ਤਰ ਦੀ ਤਲਾਸ਼ੀ ਲਏ ਜਾਣ ਅਤੇ ਪਿਛਲੇ ਹਫ਼ਤੇ ਪੰਜ ਸੰਪਾਦਕਾਂ ਤੇ ਕਾਰਜਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅਖ਼ਬਾਰ ਬੰਦ ਕਰਨ ਦਾ ਐਲਾਨ ਕੀਤਾ ਸੀ।
ਅਖ਼ਬਾਰ ਦੇ ਆਖ਼ਰੀ ਐਡੀਸ਼ਨ ਵਿਚ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਜਿਸ ਵਿਚ ਐਪਲ ਡੇਲੀ ਦੇ ਮੁਲਾਜ਼ਮ ਇਮਾਰਤ ਦੇ ਆਸਪਾਸ ਮੀਂਹ ਦੇ ਬਾਵਜੂਦ ਇਕੱਤਰ ਹੋਏ ਸਮਰਥਕਾਂ ਵੱਲ ਦਫ਼ਤਰ ’ਚੋਂ ਹੱਥ ਹਿਲਾ ਰਹੇ ਹਨ ਅਤੇ ਨਾਲ ਹੀ ਇਸ ਤਸਵੀਰ ਨੂੰ ਸਿਰਲੇਖ ਦਿੱਤਾ ਗਿਆ ਹੈ, ‘‘ਹਾਂਗਕਾਂਗ ਵਾਸੀਆਂ ਨੇ ਮੀਂਹ ਵਿਚ ਦੁਖਦ ਵਿਦਾਈ ਦਿੱਤੀ, ਅਸੀਂ ਐਪਲ ਡੇਲੀ ਦਾ ਸਮਰਥਨ ਕਰਦੇ ਹਾਂ।’’ -ਏਪੀ