ਟੋਕੀਓ, 24 ਜੂਨ
ਅਮਰੀਕੀ ਜਲ ਸੈਨਾ ਦੇ ਪ੍ਰਸ਼ਾਂਤ ਖਿੱਤੇ ਵਿੱਚ ਕਮਾਂਡਰ ਅਤੇ ਜਾਪਾਨ ਦੇ ਰੱਖਿਆ ਮੰਤਰੀ ਨੇ ਅੱਜ ਕਿਹਾ ਕਿ ਚੀਨ, ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਜਲ ਸੈਨਾਵਾਂ ਵਿਚਾਲੇ ਸਹਿਯੋਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਮ ਹੈ। ਰੱਖਿਆ ਮੰਤਰੀ ਨੋਬੂਓ ਕਿਸ਼ੀ ਨੇ ਅਮਰੀਕੀ ਕਮਾਂਡਰ ਐਡਮ. ਸੈਮ ਪੈਪਰੋ ਨੂੰ ਦੱਸਿਆ ਕਿ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ‘ਆਜ਼ਾਦ ਅਤੇ ਮੁਕਤ’ ਰੱਖਣ ਲਈ ਖੇਤਰ ਵਿੱਚ ਅਮਰੀਕੀ ਜਲ ਸੈਨਾ ਦੀ ਮੌਜੂਦਗੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਸਮਝੌਤਿਆਂ ਤਹਿਤ ਚੀਨ ਦੇ ਟਾਕਰੇ ਲਈ ਰਲ ਕੇ ਕੰਮ ਕੀਤਾ ਜਾਵੇਗਾ। ਪੈਪਰੋ ਨੇ ਕਿਹਾ ਕਿ ਜਾਪਾਨ ਅਤੇ ਅਮਰੀਕਾ ਦੇ ਗੱਠਜੋੜ ਨਾਲ ਪ੍ਰਸ਼ਾਂਤ ਖਿੱਤੇ ਵਿੱਚ ਸੁਰੱਖਿਆ ਦੀ ਨੀਂਹ ਰੱਖੀ ਜਾ ਸਕਦੀ ਹੈ। -ਏਪੀ