ਤੈਪਈ, 3 ਨਵੰਬਰ
ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਵੱਲੋਂ ਅਚਾਨਕ ਚੀਨ ਦੇ ਦੌਰੇ ’ਤੇ ਜਾਣ ਦਾ ਐਲਾਨ ਕਰਨ ਨਾਲ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਵਿਵਾਦ ਖੜ੍ਹਾ ਹੋ ਗਿਆ ਹੈ। ਚਾਂਸਲਰ ਦੇ ਦੌਰੇ ਦੇ ਸਮੇਂ ਅਤੇ ਉਨ੍ਹਾਂ ਵੱਲੋਂ ਇਸ ਰਾਹੀਂ ਚੀਨ ਨੂੰ ਦਿੱਤੇ ਜਾਣ ਵਾਲੇ ਸੰਕੇਤਾਂ ਬਾਰੇ ਸਵਾਲ ਉਠਾਏ ਜਾ ਰਹੇ ਹਨ। ਯੂਰੋਪੀਅਨ ਸੰਸਦ ਦੇ ਇਕ ਜਰਮਨ ਮੈਂਬਰ ਨੇ ਕਿਹਾ ਕਿ ਸ਼ੁਲਜ਼ ਦਾ ਇਹ ਇਕ ਦਿਨ ਦਾ ਦੌਰਾ ‘ਸ਼ਾਇਦ ਪਿਛਲੇ 50 ਸਾਲਾਂ ਵਿਚ ਸਭ ਤੋਂ ਵਿਵਾਦਤ ਦੌਰਾ ਕਿਹਾ ਜਾ ਸਕਦਾ ਹੈ ਜਿਸ ਬਾਰੇ ਐਨੇ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ।’ ਸ਼ੁਲਜ਼ ਭਲਕੇ ਚੀਨ ਦੇ ਦੌਰੇ ਉਤੇ ਜਾਣਗੇ। ਤਾਇਵਾਨ ਦੇ ਦੌਰੇ ਉਤੇ ਆਏ ਗਰੀਨ ਪਾਰਟੀ ਦੇ ਮੈਂਬਰ ਰੀਨਹਾਰਡ ਬੂਟੀਕੋਫ਼ਰ ਨੇ ਸ਼ੁਲਜ਼ ਦੇ ਦੌਰੇ ਉਤੇ ਸਵਾਲ ਉਠਾਏ ਹਨ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਗੱਠਜੋੜ ਸਰਕਾਰ ਵਿਚ ਸ਼ਾਮਲ ਹੈ। ਬੂਟੀਕੋਫਰ ਯੂਰੋਪੀਅਨ ਸੰਸਦ ਮੈਂਬਰਾਂ ਦੇ ਉਸ ਗਰੁੱਪ ਦਾ ਹਿੱਸਾ ਹਨ ਜੋ ਤਾਇਵਾਨ ਦੇ ਦੌਰੇ ਉਤੇ ਹੈ। ਕੋਵਿਡ ਪਾਜ਼ੇਟਿਵ ਹੋਣ ਕਾਰਨ ਉਹ ਫ਼ਿਲਹਾਲ ਇਕਾਂਤਵਾਸ ਹਨ। ਸ਼ੁਲਜ਼ ਦੀ ਗੱਠਜੋੜ ਸਰਕਾਰ ਵਿਚ ਤਿੰਨ ਪਾਰਟੀਆਂ ਸ਼ਾਮਲ ਹਨ। ਉਨ੍ਹਾਂ ਦੇ ਵੀ ਕਈ ਮੈਂਬਰਾਂ ਨੇ ਦੌਰੇ ਉਤੇ ਸਵਾਲ ਉਠਾਏ ਹਨ। ਇਸ ਤੋਂ ਪਹਿਲਾਂ ਜਰਮਨ ਚਾਂਸਲਰ ਦੇ ਯੂਕਰੇਨ ਤੇ ਰੂਸ ਦੇ ਦੌਰੇ ਉਤੇ ਵੀ ਵਿਵਾਦ ਹੋਇਆ ਸੀ। ਦੱਸਣਯੋਗ ਹੈ ਕਿ ਯੂਕਰੇਨ ’ਤੇ ਹਮਲੇ ਤੋਂ ਬਾਅਦ ਚੀਨ ਵੱਲੋਂ ਰੂਸ ਦਾ ਕੂਟਨੀਤਕ ਸਮਰਥਨ ਕੀਤਾ ਜਾ ਰਿਹਾ ਹੈ। -ਏਪੀ