ਇਸਲਾਮਾਬਾਦ, 30 ਅਗਸਤ
ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵੱਡੇ ਭਰਾ ਨਵਾਜ਼ ਸ਼ਰੀਫ ਦੇ ਦੇਸ਼ ਵਾਪਸ ਨਾ ਆਉਣ ਕਾਰਨ ਉਨ੍ਹਾਂ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਤਹਿਤ ਕਾਰਵਾਈ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਇਹ ਪਟੀਸ਼ਨ ਪਹਿਲਾਂ ਹੀ ਲਾਹੌਰ ਹਾਈ ਕੋਰਟ (ਐੱਲਐੱਚਸੀ) ਵਿੱਚ ਵਿਚਾਰਅਧੀਨ ਹੈ, ਜਿਸ ਕਰਕੇ ਉਹ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਸਕਦੇ।
ਆਈਐਚਸੀ ਵਿੱਚ ਦਾਇਰ ਕੀਤੀ ਗਈ ਪਟੀਸ਼ਨ ’ਚ ਪਟੀਸ਼ਨਕਰਤਾ ਨੇ ਕਿਹਾ ਸੀ ਕਿ ਨਵਾਜ਼ ਸ਼ਰੀਫ਼ ਬਿਮਾਰੀ ਦਾ ਬਹਾਨਾ ਲਾ ਕੇ ਲਾਹੌਰ ਹਾਈ ਕੋਰਟ (ਐੱਲਐੱਚਸੀ) ਦੀ ਇਜਾਜ਼ਤ ਨਾਲ ਵਿਦੇਸ਼ ਗਏ ਸਨ ਅਤੇ ਸ਼ਾਹਬਾਜ਼ ਸ਼ਰੀਫ਼ ਨੇ ਹਲਫ਼ਨਾਮਾ ਦਿੱਤਾ ਸੀ ਕਿ ਉਨ੍ਹਾਂ ਦਾ ਭਰਾ ਠੀਕ ਹੋਣ ਤੋਂ ਬਾਅਦ ਵਾਪਸ ਆ ਜਾਵੇਗਾ ਪਰ ਉਹ ਨਹੀਂ ਆਇਆ। ਉਨ੍ਹਾਂ ਨਵਾਜ਼ ਸ਼ਰੀਫ਼ ਨੂੰ ਭਗੌੜਾ ਕਰਾਰ ਦੇਣ, ਸ਼ਾਹਬਾਜ਼ ਸ਼ਰੀਫ਼ ਅਤੇ ਨਵਾਜ਼ ਸ਼ਰੀਫ਼ ਖ਼ਿਲਾਫ਼ ਅਦਾਲਤੀ ਮਾਣਹਾਨੀ ਦੀ ਕਾਰਵਾਈ ਕਰਨ ਅਤੇ ਨਵਾਜ਼ ਸ਼ਰੀਫ਼ ਦੀ ਵਾਪਸੀ ਲਈ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ। ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਨੂੰ ਪਟੀਸ਼ਨ ਵਿੱਚ ਧਿਰ ਬਣਾਇਆ ਗਿਆ ਸੀ। ਕਾਰਵਾਈ ਦੌਰਾਨ ਆਈਐੱਚਸੀ ਦੇ ਚੀਫ ਜਸਟਿਸ ਨੇ ਕਿਹਾ ਕਿ ਇਹ ਪਟੀਸ਼ਨ ਪਹਿਲਾਂ ਹੀ ਲਾਹੌਰ ਹਾਈ ਕੋਰਟ (ਐੱਲਐੱਚਸੀ) ਵਿੱਚ ਵਿਚਾਰਅਧੀਨ ਹੈ, ਜਿਸ ਕਰਕੇ ਉਹ ਇਸ ਪਟੀਸ਼ਨ ’ਤੇ ਕੋਈ ਕਾਰਵਾਈ ਨਹੀਂ ਕਰ ਸਕਦੇ। -ਏਐੱਨਆਈ